ਨਸ਼ੇ ਦੀ ਓਵਰਡੋਜ਼ ਕਰਕੇ 6 ਸਾਲ ਦੇ ਬੱਚੇ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਘਟਨਾ ਤਰਨਤਾਰਨ ਦੇ ਖਡੂਰ ਸਾਹਿਬ ਦੇ ਕਸਬਾ ਫਤਿਹਾਬਾਦ ਦੀ ਹੈ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ ਵਜੋਂ ਹੋਈ ਹੈ।
ਇਹ ਪਹਿਲਾ ਮਾਮਲਾ ਨਹੀਂ ਹੈ, ਪਹਿਲੀਆਂ ਸਰਕਾਰਾਂ ਵੇਲੇ ਵੀ ਇਸ ਕਸਬੇ ਵਿੱਚ ਨਸ਼ੇ ਦੀ ਓਵਰਡੋਜ਼ ਕਰਕੇ ਮੌਤਾਂ ਹੁੰਦੀਆਂ ਰਹੀਆਂ ਹਨ, ਦੂਜੇ ਪਾਸੇ ਨਸ਼ਾ ਛੁਡਾਓ ਕੇਂਦਰਾਂ ਦੇ ਹਾਲਾਤ ਵੀ ਠੀਕ ਨਹੀਂ ਹਨ। ਵਧੇਰੇ ਕੇਂਦਰਾਂ ‘ਤੇ ਦਵਾਈਆਂ ਖ਼ਤਮ ਹੋ ਚੁੱਕੀਆਂ ਹਨ।
ਨਸ਼ੇ ਦੀ ਓਵਰਡੋਜ਼ ਕਰਕੇ ਜਾਨ ਗੁਆਉਣ ਵਾਲਾ ਸਰਬਜੀਤ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਉਸ ਦੇ ਪਿਤਾ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਸਰਬਜੀਤ ਨੂੰ ਨਸ਼ੇ ਦੀ ਆਦਤ ਲੱਗ ਗਈ ਸੀ। ਹੌਲੀ-ਹੌਲੀ ਉਸ ਦਾ ਨਸ਼ਾ ਵਧਦਾ ਗਿਆ। ਤਕਰੀਬਨ 7 ਸਾਲ ਪਹਿਲਾਂ ਉਸ ਦਾ ਵਿਆਹ ਕਰਵਾ ਦਿੱਤਾ ਸੀ। ਹੁਣ ਉਸ ਦਾ 6 ਸਾਲ ਦਾ ਪੁੱਤ ਵੀ ਹੈ। ਸੋਮਵਾਰ ਸ਼ਾਮ ਸਰਬਜੀਤ ਘਰ ‘ਚ ਹੀ ਸੀ। ਇਥੇ ਉਸ ਨੇ ਨਸ਼ਾ ਕੀਤਾ ਪਰ ਬਾਅਦ ਵਿੱਚ ਉਠ ਨਹੀਂ ਸਕਿਆ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਰਕਾਰ ਨਸ਼ਾ ਬੰਦ ਕਰਨ ਦੇ ਦਾਅਵੇ ਕਰਦੀ ਹੈ ਪਰ ਅਸਲੀਅਤ ਕੁਝ ਹੋਰ ਹੀ ਹੈ। ਪੁਰਾਣੀਆਂ ਸਰਕਾਰਾਂ ਵਾਂਗ ਸੀ.ਐੱਮ. ਮਾਨ ਨੇ ਵੀ ਨਸ਼ਾ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਸਨ ਪਰ ਨਸ਼ਾ ਘੱਟ ਹੋਣ ਦੀ ਥਾਂ ਵਧਦਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਉਥੇ ਹੀ ਨਸ਼ਾ ਛੁਡਾਊ ਕੇਂਦਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ-ਤਰਨਤਾਰਨ ਦੇ ਕਈ ਨਸ਼ਾ ਕੇਂਦਰਾਂ ‘ਤੇ ਦਵਾਈਆਂ ਖ਼ਤਮ ਹੋ ਚੁੱਕੀ ਹੈ। ਦਵਾਈ ਕਦੋਂ ਆਏਗੀ, ਇਸ ਦੀ ਵੀ ਪੂਰੀ ਜਾਣਕਾਰੀ ਕਿਸੇ ਕੋਲ ਨਹੀਂ ਹੈ। ਇਨ੍ਹਾਂ ਕੇਂਦਰਾਂ ‘ਤੇ ਦਵਾਈਆਂ ਵੇਰਕਾ ਵਿੱਚ ਬਣੇ ਵੇਅਰਹਾਊਸ ਵਿੱਚ ਵੰਡੀਆਂ ਜਾਂਦੀਆਂ ਹਨ ਪਰ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਉਥੇ ਵੀ ਦਵਾਈਆਂ ਦਾ ਸਟਾਕ ਖ਼ਤਮ ਹੋ ਚੁੱਕਾ ਹੈ।