ਸ਼ਨੀਵਾਰ ਨੂੰ ਓਡੀਸ਼ਾ ਦੇ ਮਯੂਰਭੰਜ ‘ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਦੌਰਾਨ ਬਿਜਲੀ ਗੁੱਲ ਹੋ ਗਈ। ਇਹ ਘਟਨਾ ਨਾ ਸਿਰਫ਼ ਸੂਬਾ ਸਰਕਾਰ ਲਈ ਨਮੋਸ਼ੀ ਦਾ ਕਾਰਨ ਬਣੀ, ਸਗੋਂ ਇਸ ਨੇ ਸੁਰੱਖਿਆ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਮੁਰਮੂ ਬਾਰੀਪੋਡਾ ਸਥਿਤ ਮਹਾਰਾਜਾ ਸ਼੍ਰੀ ਰਾਮ ਚੰਦਰ ਭੰਜਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਯੂਨੀਵਰਸਿਟੀ ਦੇ ਆਡੀਟੋਰੀਅਮ ‘ਚ ਰਾਸ਼ਟਰਪਤੀ ਦੇ ਮੌਜੂਦਗੀ ਦੌਰਾਨ ਲਾਈਟਾਂ ਬੁਝ ਗਈਆਂ। ਰਾਜਪਾਲ ਗਣੇਸ਼ੀ ਲਾਲ ਮੁਰਮੂ ਤੋਂ ਪਹਿਲਾਂ ਆਪਣਾ ਭਾਸ਼ਣ ਖਤਮ ਕਰ ਚੁੱਕੇ ਸਨ।
ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਮੁਰਮੂ ਦੇ ਭਾਸ਼ਣ ਦੌਰਾਨ ਕਰੀਬ 9 ਮਿੰਟ ਤੱਕ ਬਿਜਲੀ ਗਈ ਰਹੀ। ਹਨੇਰਾ ਹੋਣ ਕਾਰਨ ਰਾਸ਼ਟਰਪਤੀ ਦੇ ਸੁਰੱਖਿਆ ਗਾਰਡ ਨਜ਼ਰ ਨਹੀਂ ਆ ਰਹੇ ਸਨ। ਉਨ੍ਹਾਂ ਦੇ ਏਡੀਸੀ ਅਤੇ ਸਹਾਇਕ ਸਟਾਫ਼ ਵੀ ਮੌਕੇ ’ਤੇ ਮੌਜੂਦ ਨਹੀਂ ਸਨ। ਲਾਈਟ ਜਾਣ ਤੋਂ ਬਾਅਦ ਵੀ ਰਾਸ਼ਟਰਪਤੀ ਮੁਰਮੂ ਨੇ ਆਪਣਾ ਭਾਸ਼ਣ ਨਹੀਂ ਰੋਕਿਆ। ਉਹ ਪੋਡੀਅਮ ਵਿੱਚ ਲੱਗੀ ਲਾਈਟ ਦੀ ਮਦਦ ਨਾਲ ਭਾਸ਼ਣ ਪੜ੍ਹਦੇ ਰਹੇ। ਇਸ ਦੌਰਾਨ ਵਿਦਿਆਰਥੀ ਅਤੇ ਹੋਰ ਲੋਕ ਹਨੇਰੇ ਵਿੱਚ ਆਪਣੀਆਂ ਕੁਰਸੀਆਂ ’ਤੇ ਬੈਠੇ ਉਨ੍ਹਾਂ ਦਾ ਸੰਬੋਧਨ ਸੁਣਦੇ ਰਹੇ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਰਾਤ 11:56 ਤੋਂ 12:05 ਦਰਮਿਆਨ ਬਿਜਲੀ ਗੁਲ ਹੋ ਗਈ।
ਰਾਸ਼ਟਰਪਤੀ ਮੁਰਮੂ ਨੇ ਭਾਸ਼ਣ ਦੌਰਾਨ ਬਿਜਲੀ ਖਰਾਬ ਹੋਣ ਬਾਰੇ ਕਿਹਾ ਕਿ ਬਿਜਲੀ ਸਾਡੇ ਨਾਲ ਲੁਕਣਮੀਟੀ ਖੇਡ ਰਹੀ ਹੈ। ਉਨ੍ਹਾਂ ਨੇ ਮੁਸਕਰਾਉਂਦੇ ਹੋਏ ਕਿਹਾ, ‘ਲੱਗਦਾ ਹੈ ਬਿਜਲੀ ਵੀ ਇਹ ਪ੍ਰੋਗਰਾਮ ਦੇਖ ਕੇ ਸਾਡੇ ਨਾਲ ਈਰਖਾ ਕਰ ਰਹੀ ਹੈ। ਅਸੀਂ ਹਨੇਰੇ ਵਿੱਚ ਬੈਠੇ ਹਾਂ, ਪਰ ਅਸੀਂ ਹਨੇਰੇ ਅਤੇ ਰੌਸ਼ਨੀ ਦੋਵਾਂ ਨੂੰ ਇਕੋ ਜਿਹਾ ਲਵਾਂਗੇ।’
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੇ AGTF ਵਿੰਗ ਦੀ ਵੱਡੀ ਕਾਰਵਾਈ, ਮੁਖਤਾਰ ਅੰਸਾਰੀ ਦਾ ਕਰੀਬੀ ਕੀਤਾ ਕਾਬੂ
ਰਾਸ਼ਟਰਪਤੀ ਮੁਰਮੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੇ ਲਈ ਤੁਹਾਨੂੰ ਬਿਹਤਰ ਹੁਨਰ ਅਤੇ ਵਧੇਰੇ ਕੁਸ਼ਲਤਾ ਵੱਲ ਵਧਣਾ ਹੋਵੇਗਾ। ਤੁਸੀਂ ਆਪਣੀ ਸ਼ਕਤੀ ਨਾਲ ਅਸੰਭਵ ਨੂੰ ਸੰਭਵ ਬਣਾ ਸਕਦੇ ਹੋ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਮੁਰਮੂ ਉੜੀਸਾ ਦੇ ਮਯੂਰਭੰਜ ਜ਼ਿਲ੍ਹੇ ਦੇ ਰਾਏਰੰਗਪੁਰ ਦੇ ਰਹਿਣ ਵਾਲੇ ਹਨ। ਇੱਥੋਂ ਦੇ ਲੋਕ ਉਨ੍ਹਾਂ ਨੂੰ ਮਿੱਟੀ ਦੀ ਧੀ ਆਖਦੇ ਹਨ।
ਬਿਜਲੀ ਗੁੱਲ ਹੋਣ ਦੀ ਘਟਨਾ ਨੂੰ ਲੈ ਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੰਤੋਸ਼ ਕੁਮਾਰ ਤ੍ਰਿਪਾਠੀ ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਇਸ ਲਈ ਮੁਆਫੀ ਮੰਗ ਲਈ ਹੈ। ਤ੍ਰਿਪਾਠੀ ਨੇ ਕਿਹਾ, ‘ਮੈਂ ਇਸ ਮੰਦਭਾਗੀ ਘਟਨਾ ਲਈ ਆਪਣੇ ਆਪ ਨੂੰ ਦੋਸ਼ੀ ਸਮਝਦਾ ਹਾਂ। ਅਸੀਂ ਇਸ ਤੋਂ ਸ਼ਰਮਿੰਦਾ ਹਾਂ। ਅਸੀਂ ਯਕੀਨੀ ਤੌਰ ‘ਤੇ ਘਟਨਾ ਦੀ ਜਾਂਚ ਕਰਾਂਗੇ। ਇਸ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਸਰਕਾਰੀ ਮਾਲਕੀ ਵਾਲੀ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਨੇ ਸਮਾਗਮ ਲਈ ਜਨਰੇਟਰਾਂ ਦੀ ਸਪਲਾਈ ਕੀਤੀ ਸੀ। ਅਸੀਂ ਉਨ੍ਹਾਂ ਨਾਲ ਵੀ ਗੱਲ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -: