ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਤੋਂ ਬਾਅਦ ਭੋਜਨ ਅਤੇ ਪਲੇਟਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਇੱਕ ਵੀਡੀਓ ਵਾਇਰਲ ਹੋ ਗਈ ਹੈ। ਹੁਣ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੁਝ ਸਕੂਲ ਮੁਖੀਆਂ ਨੂੰ ਦਫ਼ਤਰ ਵਿੱਚ ਤਲਬ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਦਾ ਅਕਸ ਖਰਾਬ ਹੋਇਆ ਹੈ। ਇਸ ਵੀਡੀਓ ਵਿੱਚ ਵੱਖ-ਵੱਖ ਸਕੂਲਾਂ ਦੇ ਮੁਖੀ ਪਲੇਟਾਂ ਅਤੇ ਭੋਜਨ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ 10 ਮਈ 2022 ਨੂੰ ਮੁੱਖ ਮੰਤਰੀ ਮਾਨ ਵੱਲੋਂ ਸਿੱਖਿਆ ਸੁਧਾਰਾਂ ਸਬੰਧੀ ਜਲੰਧਰ ਦੇ ਸਕੂਲ ਮੁਖੀਆਂ ਨਾਲ ਇੱਕ ਮੀਟਿੰਗ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਖਾਣੇ ਨੂੰ ਲੈ ਕੇ ਅਧਿਆਪਕਾਂ ਵਿੱਚ ਹੋੜ ਮਚੀ ਗਈ। ਪੁਰਸ਼ ਅਧਿਆਪਕਾਂ ਨੇ ਮਹਿਲਾ ਅਧਿਆਪਕਾਂ ਤੱਕ ਦਾ ਲਿਹਾਜ਼ ਨਹੀਂ ਕੀਤਾ ਤੇ ਪਲੇਟਾਂ ‘ਤੇ ਟੁੱਟ ਪਏ ਤੇ ਇਥੋਂ ਤੱਕ ਕਿ ਉਹ ਇੱਕ-ਦੂਜੇ ਤੋਂ ਪਲੇਟਾਂ ਖੋਹਦੇ ਨਜ਼ਰ ਆਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਜਿਸ ਨਾਲ ਸਿੱਖਿਆ ਵਿਭਾਗ ਦਾ ਅਕਸ ਪ੍ਰਭਾਵਿਤ ਹੋਇਆ।
ਜਾਂਚ ਤੋਂ ਪਤਾ ਲੱਗਾ ਕੈ ਇਹ ਸਕੂਲ ਮੁਖੀ ਜ਼ਿਲ੍ਹਾ ਗੁਰਦਾਸਪੁਰ ਤੇ ਫਾਜ਼ਿਲਕਾ ਨਾਲ ਸਬੰਧਤ ਹਨ। ਇਸ ਲਈ ਇਨ੍ਹਾਂ ਸਕੂਲ ਮੁਖੀਆਂ ਨੂੰ 20.5.2022 ਨੂੰ ਸਵੇਰੇ 10.00 ਵਜੇ ਮੁੱਖ ਦਫਤਰ ਅੱਗੇ ਹਾਜ਼ਰੀ ਦੇਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਤੇ ਮਿੱਥੇ ਸਮੇਂ ‘ਤੇ ਨਾ ਪਹੁੰਚਣ ਦੀ ਸੂਰਤ ਵਿਚ ਸਕੂਲ ਮੁਖੀਆਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: