ਇਕਵਾਡੋਰ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ 76 ਸਾਲਾ ਬਜ਼ੁਰਗ ਮਹਿਲਾ ਬੇਲਾ ਮੋਂਟੋਆ ਆਪਣੇ ਅੰਤਿਮ ਸਸਕਾਰ ਦੌਰਾਨ ਜ਼ਿੰਦਾ ਹੋ ਗਈ। ਮੋਂਟੋਯਾ ਨੂੰ ਸਟ੍ਰੋਕ ਤੋਂ ਪੀੜਤ ਹੋਣ ਦੇ ਬਾਅਦ ਇਕਵਾਡੋਰ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਤੇ ਬਾਅਦ ਵਿਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਹਿਲਾ ਦੇ ਅੰਤਿਮ ਸਸਕਾਰ ਦੀ ਵਿਵਸਥਾ ਕਰ ਦਿੱਤੀ ਗਈ ਸੀ ਪਰ ਉਸ ਸਮੇਂ ਹਰ ਕੋਈ ਹੈਰਾਨ ਰਹਿ ਗਿਆ ਜਦੋਂ ਤਾਬੂਤ ਦੇ ਅੰਦਰੋਂ ਉਹ ਸਾਹ ਲੈਣ ਲੱਗੀ। ਉਥੇ ਖੜ੍ਹੇ ਲੋਕਾਂ ਨੇ ਜਦੋਂ ਤਾਬੂਤ ਖੋਲ੍ਹਿਆ ਤਾਂ ਦੇਖਿਆ ਕਿ ਉਹ ਜ਼ਿੰਦਾ ਹੈ।
ਮਹਿਲਾ ਦੇ ਵਾਪਸ ਜ਼ਿੰਦਾ ਹੋਣ ਨੂੰ ਲੋਕ ਭਗਵਾਨ ਦਾ ਚਮਤਕਾਰ ਮੰਨ ਰਹੇ ਹਨ। ਉਸ ਦੀ ਮੌਤ ਦਾ ਕਾਰਨ ਕਾਰਡੀਓਰਿਸਪਰੇਟਰੀ ਅਰੈਸਟ ਦੱਸਿਆ ਗਿਆ ਸੀ। ਹਸਪਤਾਲ ਤੋਂ ਡੈੱਥ ਸਰਟੀਫਿਕੇਟ ਵੀ ਬਣਵਾ ਕੇ ਦੇ ਦਿੱਤਾ ਗਿਆ ਸੀ। ਮੋਂਟੋਯਾ ਨੂੰ ਹੁਣ ਉਸੇ ਹਸਪਤਾਲ ਲਿਜਾਇਆ ਜਾ ਰਿਹਾ ਹੈ ਜਿਥੇ ਉਸ ਨੂੰ ਮ੍ਰਿਤਕ ਐਲਾਨਿਆ ਗਿਆ ਸੀ। ਮਹਿਲਾ ਦੇ ਬੇਟੇ ਗਿਲਬਰਟ ਬਲਬੇਰਨ ਦਾ ਕਹਿਣਾ ਹੈ ਕਿ ਹੁਣ ਉਹ ਸਥਿਰ ਹੈ। ਉਹ ਆਕਸੀਜਨ ‘ਤੇ ਹੈ। ਉਨ੍ਹਾਂ ਦਾ ਹਾਰਟ ਵੀ ਠੀਕ ਹੈ। ਬਲਬੇਰਨ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਉਹ ਜ਼ਿੰਦਾ ਰਹੇ ਤੇ ਮੇਰੇ ਨਾਲ ਰਹੇ।
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਇਨਸਾਨ ਅੰਤਿਮ ਸਰਕਾਰ ਦੌਰਾਨ ਜ਼ਿੰਦਾ ਹੋਇਆ ਹੈ। ਪਿਛਲੇ ਸਾਲ ਇਕ 3 ਸਾਲਾ ਮੈਕਸੀਕਨ ਲੜਕੀ ਦੇ ਰਿਸ਼ਤੇਦਾਰ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਉਸ ਦੇ ਤਾਬੂਤ ਦੀ ਕੱਚ ਦੀ ਖਿੜਕੀ ਨੂੰ ਧੁੰਦਲਾ ਪਾਇਆ ਸੀ। ਲੜਕੀ ਸਾਹ ਲੈ ਰਹੀ ਸੀ ਤੇ ਕੱਚ ਧੁੰਦਲਾ ਹੋ ਗਿਆ ਸੀ। ਉਥੇ ਮੌਜੂਦ ਲੋਕਾਂ ਨੇ ਬਾਅਦ ਵਿਚ ਲੜਕੀ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: