ਪਾਕਿਸਤਾਨ ਵਿੱਚ 24 ਘੰਟੇ ਦੇ ਬਲੈਕਆਊਟ ਮਗਰੋਂ ਅਖੀਰ ਬਿਜਲੀ ਸੇਵਾ ਬਹਾਲ ਹੋ ਗਈ ਹੈ। ਦੱਸ ਦੇਈਏ ਕਿ ਪਾਕਿਸਤਾਨ ਸਰਕਾਰ ਨੇ ਰਾਤ 10 ਵਜੇ ਤੱਕ ਬਿਜਲੀ ਸਪਲਾਈ ਬਹਾਲ ਕਰਨ ਦਾ ਦਾਅਵਾ ਕੀਤਾ ਸੀ, ਪਰ ਸਰਕਾਰ ਤੈਅ ਸੀਮਾ ‘ਤੇ ਆਪਣਾ ਵਾਅਦਾ ਪੂਰਨਾ ਕਰਨ ਵਿੱਚ ਨਾਕਾਮ ਰਹੀ।
ਦੇਸ਼ ਦੇ 22 ਕਰੋੜ ਲੋਕਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਰਹਿਣਾ ਪਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਬਿਜਲੀ ਸਪਲਾਈ ਬੰਦ ਹੋਣ ਦੀ ਜਾਂਚ ਦੇ ਹੁਕਮ ਦਿੱਤੇ ਸਨ। ਪਾਕਿਸਤਾਨ ਵਿੱਚ ਇੱਕ ਦਿਨ ਪਹਿਲਾਂ ਸਵੇਰੇ 7.30 ਵਜੇ ਬਿਜਲੀ ਸਪਲਾਈ ਠੱਪ ਹੋ ਗਈ ਸੀ ਅਤੇ ਕੜਾਕੇ ਦੀ ਸਰਦੀ ਦੇ ਮੌਸਮ ਵਿੱਚ ਵੀ ਸਮੇਂ ਸਿਰ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਸਕੀ।

ਪਾਕਿਸਤਾਨੀ ਮੀਡੀਆ ਮੁਤਾਬਕ ਦੇਸ਼ ‘ਚ ਬਿਜਲੀ ਅਜਿਹੇ ਮੌਕੇ ‘ਤੇ ਠੱਪ ਹੋ ਗਈ, ਜਦੋਂ ਇਸਲਾਮਾਬਾਦ ‘ਚ ਸਰਦੀਆਂ ‘ਚ ਤਾਪਮਾਨ 4 ਡਿਗਰੀ ਸੈਲਸੀਅਸ ਅਤੇ ਕਰਾਚੀ ‘ਚ 8 ਡਿਗਰੀ ਸੈਲਸੀਅਸ ਰਹਿੰਦਾ ਹੈ। ਬਿਜਲੀ ਬੰਦ ਹੋਣ ਬਾਰੇ ਜਾਣਕਾਰੀ ਦਿੰਦਿਆਂ ਪਾਕਿਸਤਾਨ ਦੇ ਊਰਜਾ ਮੰਤਰੀ ਖੁਰਰਮ ਦਸਤਗੀਰ ਖਾਨ ਨੇ ਕਿਹਾ ਸੀ ਕਿ ਵੋਲਟੇਜ ਦੇ ਉਤਰਾਅ-ਚੜ੍ਹਾਅ ਕਾਰਨ ਤਿੰਨ ਮਹੀਨਿਆਂ ਵਿੱਚ ਦੂਜੀ ਵਾਰ ਗਰਿੱਡ ਫੇਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਦੇਸ਼ ਭਰ ਵਿੱਚ ਇੱਕੋ ਸਮੇਂ ਬਲੈਕਆਊਟ ਹੋ ਗਿਆ। ਵੈਸੇ ਵੀ ਪਾਕਿਸਤਾਨ ਦੀ ਆਬਾਦੀ ਲਗਭਗ ਰੋਜ਼ਾਨਾ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹੈ।
ਸ਼ਾਮ ਨੂੰ ਊਰਜਾ ਮੰਤਰੀ ਖੁਰਰਮ ਦਸਤਗੀਰ ਖਾਨ ਨੇ ਟਵਿੱਟਰ ‘ਤੇ ਲਿਖਿਆ ਕਿ ਅਧਿਕਾਰੀਆਂ ਨੇ ਦੇਸ਼ ਭਰ ‘ਚ ਬਿਜਲੀ ਬਹਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਦਸਤਗੀਰ ਖਾਨ ਨੇ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਟੀਚਾ ਰਾਤ 10 ਵਜੇ ਤੱਕ ਬਿਜਲੀ ਸਪਲਾਈ ਬਹਾਲ ਕਰਨਾ ਹੈ।

ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਬਿਜਲੀ ਸਪਲਾਈ ਦੇ ਖ਼ਰਾਬ ਹੋਣ ‘ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਇਸ ਦੇ ਕਾਰਨਾਂ ਦੀ ਜਾਂਚ ਲਈ ਤਿੰਨ ਮੈਂਬਰੀ ਉੱਚ ਪੱਧਰੀ ਕਮੇਟੀ ਦੇ ਗਠਨ ਦੇ ਹੁਕਮ ਦਿੱਤੇ ਸਨ, ਜਦਕਿ ਆਲ ਪਾਕਿਸਤਾਨ ਟੈਕਸਟਾਈਲ ਮਿੱਲਜ਼ ਐਸੋਸੀਏਸ਼ਨ (ਏ.ਪੀ.ਟੀ.ਐਮ.ਏ.) ਦੇ ਬੁਲਾਰੇ ਨੇ ਕਿਹਾ ਸੀ ਕਿ ਦੇਸ਼ ਭਰ ਵਿੱਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਟੈਕਸਟਾਈਲ ਉਦਯੋਗ ਨੂੰ ਹੁਣ ਤੱਕ 70 ਮਿਲੀਅਨ ਡਾਲਰ ਦਾ ਭਾਰੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਬਣਿਆ ਇਤਿਹਾਸ! 2 ਮਹਿਲਾ IPS ਪਹਿਲੀ ਵਾਰ ਬਣੀਆਂ DGP, ਜਾਣੋ ਦੋਵੇਂ ਅਫਸਰਾਂ ਬਾਰੇ
ਬੁਲਾਰੇ ਨੇ ਕਿਹਾ ਸੀ ਕਿ ਜੇ ਸਥਿਤੀ ਨੂੰ ਜਲਦੀ ਕਾਬੂ ਵਿੱਚ ਨਾ ਲਿਆਂਦਾ ਗਿਆ ਤਾਂ ਟੈਕਸਟਾਈਲ ਉਦਯੋਗ ਨੂੰ ਅਰਬਾਂ ਡਾਲਰ ਦਾ ਨੁਕਸਾਨ ਝੱਲਣਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “























