ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ। ਮੰਤਰੀ ਮੰਡਲ ‘ਚ ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਜੋ ਲਿਜ਼ ਸਰਕਾਰ ‘ਚ ਗ੍ਰਹਿ ਮੰਤਰੀ ਸੀ, ਦੀ ਵਾਪਸੀ ਹੋਈ ਹੈ। ਉਨ੍ਹਾਂ ਨੂੰ ਮੁੜ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ ਭਾਰਤੀ ਮੂਲ ਦੀ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਸੁਨਕ ਦਾ ਅੱਜ ਪਹਿਲਾ ਦਿਨ ਹੋਵੇਗਾ। ਅੱਜ ਉਹ ਸੰਸਦ ਵਿੱਚ ਵਿਰੋਧੀ ਧਿਰ ਦਾ ਸਾਹਮਣਾ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਬ੍ਰਿਟੇਨ ‘ਚ ਚੱਲ ਰਹੀ ਸਿਆਸੀ ਉਥਲ-ਪੁਥਲ ਤੋਂ ਬਾਅਦ ਇਹ ਸੰਸਦੀ ਸੈਸ਼ਨ ਕਾਫੀ ਹੰਗਾਮੇ ਵਾਲਾ ਹੋਵੇਗਾ।
ਲਿਜ਼ ਸਰਕਾਰ ਵਿੱਚ 43 ਦਿਨਾਂ ਤੱਕ ਗ੍ਰਹਿ ਮੰਤਰੀ ਰਹੀ ਸੁਏਲਾ ਨੇ 20 ਅਕਤੂਬਰ ਨੂੰ ਅਸਤੀਫਾ ਦੇ ਦਿੱਤਾ ਸੀ। ਭਾਰਤ ਖਿਲਾਫ ਬਿਆਨ ਦੇਣ ਤੋਂ ਬਾਅਦ ਉਨ੍ਹਾਂ ਦੇ ਅਸਤੀਫੇ ਦੀਆਂ ਖਬਰਾਂ ਆਈਆਂ ਸਨ। ਉਨ੍ਹਾਂ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਜੇ ਭਾਰਤ ਨਾਲ ਮੁਕਤ ਵਪਾਰ ਸਮਝੌਤਾ ਹੁੰਦਾ ਹੈ ਤਾਂ ਇਸ ਨਾਲ ਬ੍ਰਿਟੇਨ ‘ਚ ਪ੍ਰਵਾਸੀਆਂ ਦੀ ਗਿਣਤੀ ਵਧੇਗੀ। ਯੂਕੇ ਦੇ ਪ੍ਰਵਾਸੀ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਨਹੀਂ ਨਿਕਲਦੇ। ਭਾਰਤੀਆਂ ਲਈ ਇਸ ਤਰ੍ਹਾਂ ਸਰਹੱਦ ਨਹੀਂ ਖੋਲ੍ਹਣੀ ਚਾਹੀਦੀ।
ਰਿਪੋਰਟ ਮੁਤਾਬਕ ਬ੍ਰੇਵਰਮੈਨ ਨੂੰ ਬ੍ਰਿਟੇਨ ਵਿੱਚ ਸ਼ਰਣ ਲੈਣ ਵਾਲਿਆਂ ਨੂੰ ਰਵਾਂਡਾ ਭੇਜਣ ਦੀ ਸਰਕਾਰੀ ਯੋਜਨਾ ਦਾ ਜ਼ਿੰਮਾ ਸੌਂਪਿਆ ਗਿਆ ਸੀ। ਹਾਲਾਂਕਿ, ਇਸ ਯੋਜਨਾ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਹ ਕੰਜ਼ਰਵੇਟਿਵ ਪਾਰਟੀ ਦੇ ਬ੍ਰੈਗਜ਼ਿਟ (ਯੂਰਪ ਤੋਂ ਬ੍ਰਿਟੇਨ ਦੇ ਵੱਖ ਹੋਣ) ਧੜੇ ਦੀ ਸਮਰਥਕ ਰਹੀ।
ਸੁਏਲਾ ਬ੍ਰੇਵਰਮੈਨ ‘ਤੇ ਸੀਕ੍ਰੇਸੀ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਸੀ। ਉਸ ਨੇ ਇਕ ਸੰਸਦ ਮੈਂਬਰ ਨੂੰ ਨਿੱਜੀ ਈ-ਮੇਲ ਰਾਹੀਂ ਸਰਕਾਰੀ ਦਸਤਾਵੇਜ਼ ਭੇਜੇ ਸਨ, ਜਿਸ ਤੋਂ ਬਾਅਦ ਉਨ੍ਹਾਂ ‘ਤੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ ਬ੍ਰੇਵਰਮੈਨ ਨੇ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇ ਦਿੱਤਾ। ਉਨ੍ਹਾਂ ਪਿਛਲੇ ਦਿਨੀਂ ਸਰਕਾਰ ਦੀ ਨੀਤੀ ਬਣਾਉਣ ਦੀ ਰਣਨੀਤੀ ‘ਤੇ ਵੀ ਸਵਾਲ ਉਠਾਏ ਸਨ। ਸੁਏਲਾ ਨੇ ਕਿਹਾ ਸੀ- ਅਸੀਂ ਸ਼ੁਰੂ ‘ਚ ਅਜਿਹੇ ਵਾਅਦੇ ਕਿਉਂ ਕੀਤੇ ਜੋ ਪੂਰੇ ਨਹੀਂ ਹੋ ਸਕੇ। ਹੁਣ ਹਰ ਗੱਲ ‘ਤੇ ਲੋਕਾਂ ਤੋਂ ਮਾਫੀ ਮੰਗਣਾ ਗਲਤ ਹੈ।
ਵੀਡੀਓ ਲਈ ਕਲਿੱਕ ਕਰੋ -: