ਤਲਵੰਡੀ ਭਾਈ : ਉਘੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਇੱਕ ਨਿੱਜੀ ਚੈਨਲ ਵੱਲੋਂ ਟਰੱਸਟ ਵੱਲੋਂ ਲੋੜਵੰਦ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਮਹੀਨਾਵਾਰ ਪੈਨਸ਼ਨਾਂ ਪ੍ਰਤੀ ਕੀਤੇ ਜਾ ਰਹੇ ਭੰਡੀ ਪ੍ਰਚਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਾਡਾ ਸਰਕਾਰ ਜਾਂ ਕਿਸੇ ਹੋਰ ਸੰਸਥਾ ਨਾਲ ਕੋਈ ਵਾਹ-ਵਾਸਤਾ ਨਹੀਂ ਹੈ ਤੇ ਸੰਸਥਾ ਦਾ ਕਿਸੇ ਨਾਲ ਕੋਈ ਵੀ ਮੁਕਾਬਲਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਸਮਾਜ ਸੇਵੀ ਕਾਰਜ ਨਿਭਾਏ ਜਾ ਰਹੇ ਹਨ, ਜਿਸ ਤਹਿਤ ਟਰੱਸਟ ਵੱਲੋਂ ਕਰੀਬ 2012-13 ਤੋਂ ਲੋੜਵੰਦ ਲੋਕਾਂ ਨੂੰ ਪੈਨਸ਼ਨ ਦੇ ਰੂਪ ਵਿੱਚ ਮਹੀਨਾਵਾਰ ਮਦਦ ਵੀ ਦਿੱਤੀ ਜਾ ਹੈ। ਟਰੱਸਟ ਦੀ ਪੈਨਸ਼ਨ ਸਕੀਮ ਤਹਿਤ ਵਿਧਵਾ ਔਰਤਾਂ, ਬੀਮਾਰ, ਬੇਸਹਾਰਾ, ਬਜ਼ੁਰਗਾਂ ਤੋਂ ਇਲਾਵਾ ਖਾੜੀ ਮੁਲਕਾਂ ‘ਚ ਮਰਨ ਵਾਲੇ ਨੌਜ਼ਵਾਨਾਂ ਦੇ ਲੋਡ਼ਵੰਦ ਪਰਿਵਾਰ, ਦੇਸ਼ ਖਾਤਰ ਸ਼ਹੀਦ ਹੋਣ ਵਾਲੇ ਅਰਧ ਸੈਨਿਕ ਬਲ ਦੇ ਜਵਾਨਾਂ ਜਾਂ ਹੋਰਨਾਂ ਸੈਨਿਕਾਂ ਦੇ ਪਰਿਵਾਰਾਂ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਦਿੱਲੀ ‘ਚ ਲੱਗੇ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਪੈਨਸ਼ਨ ਦਿੱਤੀ ਜਾਂਦੀ।
ਇਹ ਵੀ ਪੜ੍ਹੋ : ਪੱਟੀ : ਫੌਜ ਅਕੈਡਮੀ ‘ਚ ਟ੍ਰੇਨਿੰਗ ਦੌਰਾਨ ਨੌਜਵਾਨ ਦੀ ਮੌਤ, ਕੋਚ ਦੀ ਅਣਗਹਿਲੀ ਕਰਕੇ ਗਈ ਜਾਨ
ਇਹ ਪੈਨਸ਼ਨ ਟਰੱਸਟ ਦੀ ਜ਼ਿਲ੍ਹਾ ਟੀਮ ਵੱਲੋਂ ਜਾਂਚ-ਪੜਤਾਲ ਕਰਨ ਤੋਂ ਬਾਅਦ ਭੇਜੇ ਗਏ ਪੈਨਸ਼ਨ ਫਾਰਮਾਂ ਰਾਹੀਂ ਹੀ ਦਿੱਤੀ ਜਾਂਦੀ ਹੈ। ਟਰੱਸਟ ਪਰਿਵਾਰ ਦੀ ਆਰਥਿਕ ਹਾਲਤ ਤੇ ਸਥਿਤੀ ਵੇਖ ਕੇ ਹੀ ਪੈਨਸ਼ਨ ਦੀ ਸਹੂਲਤ ਦਿੰਦੀ ਹੈ। ਟਰੱਸਟ ਵੱਲੋਂ ਸੂਬਾ ਜਾਂ ਕੇਂਦਰ ਸਰਕਾਰ ਦੀ ਕਿਸੇ ਵੀ ਪੈਨਸ਼ਨ ਸਕੀਮ ਨਾਲ ਕੋਈ ਮੁਕਾਬਲਾ ਜਾਂ ਤੁਲਨਾ ਨਹੀਂ ਕੀਤੀ ਜਾਂਦੀ।
ਉਨ੍ਹਾਂ ਕਿਹਾ ਕਿ ਪਰ ਵੇਖਣ ‘ਚ ਆਇਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਾ ‘ਤੇ ਇੱਕ ਆਨਲਾਈਨ ਚੈਨਲ ਵੱਲੋਂ ਬਿਨਾਂ ਵਜ੍ਹਾ ਟਰੱਸਟ ਦੀ ਪੈਨਸ਼ਨ ਸਕੀਮ ਦੀ ਤੁਲਨਾ ਸਰਕਾਰ ਦੀ ਪੈਨਸ਼ਨ ਸਕੀਮ ਨਾਲ ਕਰਕੇ ਬੇਲੋੜਾ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਦੀ ਅਸੀਂ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦੇ ਹਾਂ। ਟਰੱਸਟ ਦਾ ਇੱਕੋ-ਇੱਕ ਮਕਸਦ ਹੈ ਬੇਸਹਾਰਾ ਤੇ ਲੋੜਵੰਦ ਲੋਕਾਂ ਦੀ ਮਦਦ ਕਰਨਾ ਨਾ ਕਿ ਕਿਸੇ ਸਰਕਾਰ ਜਾਂ ਹੋਰ ਸੰਸਥਾ ਨਾਲ ਕਿਸੇ ਕਿਸਮ ਦਾ ਕੋਈ ਮੁਕਾਬਲਾ ਕਰਨਾ।
ਵੀਡੀਓ ਲਈ ਕਲਿੱਕ ਕਰੋ -: