ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਸ਼ਨੀਵਾਰ ਨੂੰ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਟਰੇਨ ਹਾਦਸੇ ਵਿੱਚ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਲਿਆਂਦੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮੌਤ ਤੋਂ ਬਾਅਦ ਪਰਿਵਾਰ ਵੱਲੋਂ ਇਲਾਜ ਕਰ ਰਹੇ ਡਾਕਟਰਾਂ ਤੇ ਲਾਪਰਵਾਹੀ ਦੇ ਦੋਸ਼ ਲਗਾਏ ਗਏ ਅਤੇ ਭੜਕੇ ਪਰਿਵਾਰ ਵਾਲਿਆਂ ਤੋਂ ਇਲਾਵਾ ਹੋਰਨਾ ਲੋਕਾਂ ਨੇ ਡਿਊਟੀ ‘ਤੇ ਤਾਇਨਾਤ ਡਾਕਟਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਡਾਕਟਰ ਆਸ਼ੀਸ਼ ਜਖਮੀ ਹੋ ਗਏ।
ਗੱਲ ਇਥੇ ਹੀ ਖਤਮ ਨਹੀਂ ਹੋਈ, ਇਸ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਨੇ ਹਸਪਤਾਲ ‘ਚ ਧਰਨਾ ਲਾ ਦਿੱਤਾ ਅਤੇ ਖੂਬ ਨਾਅਰੇਬਾਜੀ ਕੀਤੀ। ਪੁਲਿਸ ਨੇ ਹਮਲਾ ਕਰਨ ਵਾਲੇ ਕੁਝ ਲੋਕਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ।
ਡਾ. ਆਸ਼ੀਸ਼ ਜੇਤਲੀ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਹਸਪਤਾਲ ਵਿਚ ਡਿਊਟੀ ਸੀ ਤੇ ਸਵੇਰੇ ਕਰੀਬ 8 ਵਜੇ ਟਰੇਨ ਹਾਦਸੇ ਨਾਲ ਬੁਰੀ ਤਰ੍ਹਾਂ ਜ਼ਖਮੀ ਹੋਏ ਅਨੁਜ ਸਿੰਘ ਨਾਂ ਦੇ ਨੌਜਵਾਨ ਨੂੰ ਕੁਝ ਲੋਕ ਹਸਪਤਾਲ ‘ਚ ਲੈ ਕੇ ਆਏ। ਮਰੀਜ਼ ਦੀ ਹਾਲਤ ਗੰਭੀਰ ਸੀ, ਜਿਸ ਬਾਰੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤਾ ਸੀ।
ਡਾਕਟਰ ਨੇ ਕਿਹਾ ਕਿ ਉਨ੍ਹਾਂ ਨੇ ਮਰੀਜ਼ ਨੂੰ ਹਾਇਰ ਸੈਂਟਰ ਲਿਜਾਣ ਲਈ ਕਿਹਾ। ਇਸ ਤੋਂ ਪਹਿਲਾਂ ਹੀ ਮਰੀਜ਼ ਦੇ ਸਿਰ ‘ਚ ਟਾਂਕੇ ਲਾਉਂਦਿਆਂ ਉਸ ਦੀ ਮੌਤ ਹੋ ਗਈ। ਇਸ ਸਾਰੇ ਮਾਮਲੇ ਦੌਰਾਨ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਸਣੇ ਕੁਝ ਹੋਰ ਲੋਕਾਂ ਨੇ ਉਸ ਨਾਲ ਡਿਊਟੀ ਦੌਰਾਨ ਬੁਰੀ ਤਰ੍ਹਾਂ ਕੁਟਿਆ ਅਤੇ ਇਕ ਮਹਿਲਾ ਅਧਿਕਾਰੀ ਤੇ ਵੀ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ ਵੱਡਾ ਹਾਦਸਾ, ਖੱਡ ‘ਚ ਪਲਟੀ ਯਾਤਰੀਆਂ ਨਾਲ ਭਰੀ ਓਵਰਲੋਡ ਬੱਸ
ਇਸ ਸਾਰੇ ਮਾਮਲੇ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਕਮ ਨਿਗਮ ਕਮਿਸ਼ਨਰ ਮੈਡਮ ਨੈਯਣ ਜੱਸਲ ਨੇ ਜਾਣਕਾਰੀ ਦਿਤੀ ਕਿ ਇਸ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਦੋਸ਼ੀ ਲੋਕਾਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਸ਼ਾਸ਼ਨ ਵੱਲੋਂ ਹਸਪਤਾਲ ਦੇ ਸਟਾਫ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਮਾਰਕੁੱਟ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਭਰੋਸਾ ਦਿਤੇ ਜਾਣ ਮਗਰੋਂ ਧਰਨਾ ਖਤਮ ਕਰਵਾਇਆ ਗਿਆ ਹੈ।
ਦੂਜੇ ਪਾਸੇ ਹਸਪਤਾਲ ਸਟਾਫ ਦਾ ਕਹਿਣਾ ਹੈ ਕਿ ਕੋਈ ਵੀ ਆ ਕੇ ਡਾਕਟਰਾਂ ਨੂੰ ਕੁੱਟ ਕੇ ਚਲਾ ਜਾਂਦਾ ਹੈ। ਸਰਕਾਰ ਨੂੰ ਹਸਪਤਾਲਾਂ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: