ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਨਾ ਤਾਂ ਉਨ੍ਹਾਂ ਦਾ ਪਰਿਵਾਰ ਅਤੇ ਨਾ ਹੀ ਉਨ੍ਹਾਂ ਦੇ ਪ੍ਰਸ਼ੰਸਕ ਸਦਮੇ ‘ਚੋਂ ਉਭਰ ਸਕੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਖਰ ‘ਤੇ ਪਹੁੰਚਣ ਤੋਂ ਬਾਅਦ ਵੀ ਸਿੱਧੂ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਸਨ ਤੇ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨੂੰ ਪੂਰਾ ਸਤਿਕਾਰ ਦਿੰਦੇ ਸਨ। ਕੋਈ ਵੀ ਪ੍ਰਸ਼ੰਸਕ ਉਨ੍ਹਾਂ ਦੇ ਘਰ ਜਾ ਕੇ ਆਰਾਮ ਨਾਲ ਉਨ੍ਹਾਂ ਨੂੰ ਮਿਲ ਸਕਦਾ ਸੀ। ਪਰਿਵਾਰ ਨੇ ਹਮੇਸ਼ਾ ਉਨ੍ਹਾਂ ਦੇ ਘਰ ਪਹੁੰਚਣ ਵਾਲੇ ਪ੍ਰਸ਼ੰਸਕਾਂ ਨੂੰ ਚਾਹ-ਪਾਣੀ ਪਿਲਾਉਣ ਮਗਰੋਂ ਹੀ ਵਾਪਸ ਜਾਣ ਦਿੱਤਾ।
ਸਿੱਧੂ ਮੂਸੇਵਾਲਾ ਲਈ ਉਨ੍ਹਾਂ ਦਾ ਪਰਿਵਾਰ ਹੀ ਉਨ੍ਹਾਂ ਦੀ ਦੁਨੀਆ ਸੀ। ਪਿਤਾ ਬਲਕੌਰ ਸਿੰਘ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤ ਸਨ। ਮੂਸੇਵਾਲਾ ਨੇ ਵੀ ਮਾਂ ਅਤੇ ਦਾਦੀ ਨਾਲ ਕੀਤੇ ਵਾਅਦੇ ਨੂੰ ਆਖਰੀ ਸਾਹ ਤੱਕ ਨਿਭਾਇਆ। ਪਰਿਵਾਰ ਨਾਲ ਮੋਹ ਕਰਕੇ ਸਿੱਧੂ ਮੂਸੇਵਾਲਾ ਨੇ ਚੰਡੀਗੜ੍ਹ ਜਾਂ ਕੈਨੇਡਾ ਵੱਸਣ ਦੀ ਬਜਾਏ ਪਿੰਡ ਮੂਸੇਵਾਲਾ ਵਿੱਚ ਹੀ ਹਵੇਲੀ ਬਣਾਈ। ਮੂਸੇਵਾਲਾ ਖੁਦ ਆਪਣੇ ਇੰਟਰਵਿਊ ਅਤੇ ਸਟੇਜ ਸ਼ੋਅ ਵਿੱਚ ਪ੍ਰਸ਼ੰਸਕਾਂ ਨਾਲ ਇਹ ਕਹਾਣੀਆਂ ਸਾਂਝੀਆਂ ਕਰਦੇ ਰਹੇ।
ਮੂਸੇਵਾਲਾ ਨੇ ਖੁਦ ਆਪਣੇ ਕੇਸਾਂ ਬਾਰੇ ਕਈ ਵਾਰ ਅਜਿਹੀਆਂ ਗੱਲਾਂ ਦੱਸੀਆਂ, ਜਿਨ੍ਹਾਂ ਨੂੰ ਸੁਣ ਕੇ ਉਨ੍ਹਾਂ ਦਾ ਸਤਿਕਾਰ ਵਧ ਜਾਂਦਾ ਸੀ। ਮੂਸੇਵਾਲਾ ਨੇ ਇੱਕ ਵਾਰ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਦਾਦੀ ਦੇ ਕਹਿਣ ‘ਤੇ ਆਪਣੇ ਕੇਸ ਰੱਖੇ ਸਨ। ਅਸਲ ਵਿੱਚ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਫੌਜ ਵਿੱਚ ਰਹਿ ਚੁੱਕੇ ਹਨ। ਦੇਸ਼ ਦੀ ਸੇਵਾ ਕਰਦੇ ਸਮੇਂ ਉਨ੍ਹਾਂ ਨਾਲ ਅਜਿਹਾ ਹਾਦਸਾ ਵਾਪਰਿਆ ਕਿ ਉਨ੍ਹਾਂ ਨੂੰ ਆਪਣੇ ਕੇਸ ਕੱਟਣੇ ਪਏ। ਉਸ ਹਾਦਸੇ ਵਿੱਚ ਬਲਕੌਰ ਸਿੰਘ ਦੇ ਕੰਨਾਂ ਦੇ ਪਰਦੇ ਵੀ ਫਟ ਗਏ। ਉਦੋਂ ਤੋਂ ਉਹ ਠੀਕ ਤਰ੍ਹਾਂ ਸੁਣ ਨਹੀਂ ਸਕਦੇ।
ਬਲਕੌਰ ਸਿੰਘ ਦੀ ਮਾਂ ਅਤੇ ਸਿੱਧੂ ਮੂਸੇਵਾਲਾ ਦੀ ਦਾਦੀ ਆਪਣੇ ਪੁੱਤਰ ਦੇ ਕੇਸ ਕੱਟੇ ਜਾਣ ‘ਤੇ ਬਹੁਤ ਅਫਸੋਸ ਸੀ। ਉਹ ਇਸ ਦਾ ਕਈ ਵਾਰ ਜ਼ਿਕਰ ਕਰਦੀ। ਦਾਦੀ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਕੇਸ ਨਾ ਕੱਟਣ ਲਈ ਕਿਹਾ। ਇਸ ਤੋਂ ਬਾਅਦ ਉਨ੍ਹਾਂ ਆਪਣੀ ਦਾਦੀ ਦੀ ਇੱਛਾ ਨੂੰ ਧਿਆਨ ਵਿੱਚ ਰੱਖਦਿਆਂ ਕਦੇ ਵੀ ਆਪਣੇ ਕੇਸ ਨਹੀਂ ਕੱਟੇ। ਸਿੱਧੂ ਦੀ ਮਾਤਾ ਚਰਨ ਕੌਰ ਨੇ ਵੀ ਉਨ੍ਹਾਂ ਤੋਂ ਪ੍ਰਣ ਲਿਆ ਸੀ ਕਿ ਉਹ ਕਦੇ ਵੀ ਆਪਣੇ ਵਾਲਾਂ ‘ਤੇ ਕੈਂਚੀ ਨਹੀਂ ਚਲਾਏਗਾ। ਜਿਉਂਦੇ ਜੀਅ ਮੂਸੇਵਾਲਾ ਨੇ ਆਪਣੀ ਗੱਲ ਪੂਰੀ ਕੀਤੀ।
ਸਿੱਖੀ ਨਾਲ ਤਾਅਲੁਕ ਰੱਖਣ ਵਾਲੇ ਸਿੱਧੂ ਮੂਸੇਵਾਲਾ ਨੇ ਹਮੇਸ਼ਾ ਹੀ ਆਪਣੇ ਪ੍ਰਸ਼ੰਸਕਾਂ ਨੂੰ ਸਿੱਖ ਧਰਮ ਵਿੱਚ ਵਾਲਾਂ ਦੀ ਮਹੱਤਤਾ ਬਾਰੇ ਦੱਸਿਆ ਅਤੇ ਵਾਲ ਰੱਖਣ ਲਈ ਪ੍ਰੇਰਿਤ ਕੀਤਾ। ਨੌਜਵਾਨਾਂ ਵਿੱਚ ਉਨ੍ਹਾਂ ਦਾ ਇੰਨਾ ਕ੍ਰੇਜ਼ ਸੀ ਕਿ ਉਨ੍ਹਾਂ ਦੀ ਪੱਗ ਦਾ ਸਟਾਈਲ ਇੱਕ ਟਰੈਂਡ ਬਣ ਗਿਆ। ਜਦੋਂ ਵੀ ਸਿੱਧੂ ਘਰ ਹੁੰਦੇ ਤਾਂ ਉਨ੍ਹਾਂ ਦੀ ਮਾਂ ਚਰਨ ਕੌਰ ਉਨ੍ਹਾਂ ਦਾ ਜੂੜਾ ਗੁੰਨ੍ਹਦੀ। ਅੰਤਿਮ ਯਾਤਰਾ ਤੋਂ ਪਹਿਲਾਂ ਹੀ ਮਾਂ ਨੇ ਹੀ ਪੁੱਤ ਦਾ ਜੂੜਾ ਗੁੰਨ੍ਹਿਆ।
ਸਿੱਧੂ ਮੂਸੇਵਾਲਾ ਦੀ ਬਾਂਹ ‘ਤੇ AK-47 ਅਤੇ ਖੋਪੜੀ ਦਾ ਟੈਟੂ ਬਣਵਾਇਆ ਹੋਇਆ ਸੀ। ਉਨ੍ਹਾਂ ਨੂੰ ਟੈਟੂ ਬਣਵਾਉਣ ਦਾ ਬਹੁਤ ਸ਼ੌਕ ਸੀ ਪਰ ਇਸ ਟੈਟੂ ਤੋਂ ਇਲਾਵਾ ਉਨ੍ਹਾਂ ਨੇ ਕਦੇ ਆਪਣੇ ਸਰੀਰ ‘ਤੇ ਕੋਈ ਟੈਟੂ ਨਹੀਂ ਬਣਵਾਇਆ। ਇਸ ਦੇ ਪਿੱਛੇ ਉਨ੍ਹਾਂ ਦੀ ਮਾਤਾ ਚਰਨ ਕੌਰ ਵੱਲੋਂ ਦਿੱਤੀ ਗਈ ਸਹੁੰ ਵੀ ਸੀ। ਮਾਤਾ ਚਰਨ ਕੌਰ ਨੇ ਉਨ੍ਹਾਂ ਨੂੰ ਸਹੁੰ ਚੁਕਾਈ ਸੀ ਕਿ ਉਹ ਕਦੇ ਵੀ ਕੂਹਣੀ ਤੋਂ ਉੱਪਰ ਟੈਟੂ ਨਹੀਂ ਬਣਵਾਉਣਗੇ। ਮੂਸੇਵਾਲਾ ਨੇ ਇਹ ਸਹੁੰ ਆਪਣੇ ਆਖਰੀ ਸਾਹ ਤੱਕ ਨਿਭਾਈ।
ਸਿੱਧੂ ਮੂਸੇਵਾਲਾ ਆਪਣੇ ਪਿਤਾ ਬਲਕੌਰ ਸਿੰਘ ਦੇ ਨਾਲ ਆਪਣੇ ਕਈ ਸਟੇਜ ਸ਼ੋਆਂ ਵਿੱਚ ਗਏ ਸਨ। ਸਿੱਧੂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਪਿਤਾ ਨਾਲ ਕਈ ਵਾਰ ਜਾਣੂ ਕਰਵਾਇਆ। ਸਿੱਧੂ ਕਹਿੰਦੇ ਸਨ ਕਿ ਪਿਤਾ ਉਨ੍ਹਾਂ ਦੇ ਹਮੇਸ਼ਾ ਲਈ ਸਭ ਤੋਂ ਚੰਗੇ ਦੋਸਤ ਹਨ। ਉਹ ਕਹਿੰਦੇ ਸਨ ਕਿ ਮਾਂ-ਬਾਪ ਤੋਂ ਵਧੀਆ ਦੋਸਤ ਕਦੇ ਵੀ ਕੋਈ ਨਹੀਂ ਹੋ ਸਕਦਾ। ਜੇਕਰ ਮਾਪੇ ਨਾਲ ਹਨ ਤਾਂ ਕਿਸੇ ਧਾਰਮਿਕ ਥਾਂ ‘ਤੇ ਮੱਥਾ ਟੇਕਣ ਜਾਂ ਨੱਕ ਰਗੜਨ ਦੀ ਲੋੜ ਨਹੀਂ ਹੈ। ਉਹ ਆਪਣੇ ਬਾਪੂ ਨੂੰ ਮਜ਼ਾਕ ਵਿੱਚ ਕਹਿੰਦੇ ਸਨ ਕਿ ਮੈਂ ਜਿੱਥੇ ਵੀ ਜਾਂਦਾ ਹਾਂ, ਇਹ ਦੋਸਤ ਮੇਰੇ ਨਾਲ ਆ ਜਾਂਦਾ ਹੈ। ਸਿੱਧੂ ਦੇ ਆਪਣੇ ਪਿਤਾ ਨਾਲ ਖੇਡਦੇ, ਪੰਜੇ-ਲੜਾਉਂਦੇ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸਿੱਧੂ ਨੇ ਆਪਣੇ ਪਿੰਡ ਮੂਸੇ ਵਿੱਚ ਹੀ ਇੱਕ ਹਵੇਲੀ ਬਣਵਾਈ ਸੀ। ਇਸ ਪਿੱਛੇ ਉਨ੍ਹਾਂ ਦਾ ਪਰਿਵਾਰ ਵੀ ਸੀ। ਸਿੱਧੂ ਮੂਸੇਵਾਲਾ ਕੋਲ ਕੈਨੇਡਾ ਦੀ ਪੱਕੀ ਨਾਗਰਿਕਤਾ ਸੀ ਪਰ ਉਨ੍ਹਾਂ ਦੇ ਮਾਤਾ-ਪਿਤਾ ਕਦੇ ਵੀ ਪਿੰਡ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਸਨ। ਸਿੱਧੂ ਲਈ ਪਰਿਵਾਰ ਹੀ ਪੂਰੀ ਦੁਨੀਆ ਸੀ ਅਤੇ ਉਹ ਆਪਣੇ ਮਾਤਾ-ਪਿਤਾ ਤੋਂ ਦੂਰ ਨਹੀਂ ਜਾਣਾ ਚਾਹੁੰਦੇ ਸਨ। ਇਸ ਕਾਰਨ ਉਹ ਚੰਡੀਗੜ੍ਹ ਸ਼ਿਫਟ ਨਹੀਂ ਹੋਏ ਅਤੇ ਪਿੰਡ ਵਿੱਚ ਹੀ ਆਪਣੇ ਸੁਪਨਿਆਂ ਦਾ ਘਰ ਬਣਵਾ ਲਿਆ।