ਅੱਜ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਚੁੱਕੇ ਸ਼ੁਭਦੀਪ ਸਿੰਘ ਸਿੱਧੂ ਦੀ ਅੰਤਿਮ ਅਰਦਾਸ ਹੈ। ਸਮਾਗਮ ਸ਼ੁਰੂ ਹੋ ਚੁੱਕਾ ਹੈ। ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਵੱਡਾ ਪੰਡਾਲ ਸਜਾਇਆ ਗਿਆ ਹੈ, ਰਾਗੀ-ਢਾਡੀ ਜਥਿਆਂ ਵੱਲੋਂ ਸ਼ਬਦ-ਕੀਰਤਨ ਕੀਤਾ ਜਾ ਰਿਹਾ ਹੈ। ਵੱਡੇ-ਵੱਡੇ ਕਲਾਕਾਰ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਪਹੁੰਚ ਰਹੇ ਹਨ, ਜਿਨ੍ਹਾਂ ਵਿੱਚ ਪੰਜਾਬੀ ਫਿਲਮਾਂ ਦੇ ਅਦਾਕਾਰ ਮਲਕੀ ਰੌਣੀ, ਮੈਂਡੀ ਤੱਖੜ ਵੀ ਸ਼ਾਮਲ ਹੈ। ਮੈਂਡੀ ਤੱਖੜ ਇਸ ਦੌਰਾਨ ਕਾਫ਼ੀ ਭਾਵੁਕ ਨਜ਼ਰ ਆਈ।
ਵੱਡੀ ਗਿਣਤੀ ਵਿੱਚ ਸਿਰਫ ਪੰਜਾਬ ਤੋਂ ਹੀ ਨਹੀਂ ਸਗੋਂ ਪੰਜਾਬ ਤੋਂ ਬਾਹਰੋਂ ਸਗੋਂ ਵਿਦੇਸ਼ ਤੋਂ ਵੀ ਪੰਜਾਬੀ ਉਸ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ।
ਛੋਟੇ-ਛੋਟੇ ਬੱਚੇ ਮੂਸੇਵਾਲਾ ਸਟਾਈਲ ਵਿੱਚ ਇਥੇ ਪਹੁੰਚੇ ਹੋਏ ਹਨ। ਉਨ੍ਹਾਂ ਨੇ ਸਿਰ ‘ਤੇ ਪੱਗਾਂ ਬੰਨ੍ਹੀਆਂ ਹੋਈਆਂ ਹਨ। ਕਈਆਂ ਨੇ ਮੂਸੇਵਾਲਾ ਦੀਆਂ ਤਸਵੀਰਾਂ ਵਾਲੀਆਂ ਟੀਸ਼ਰਟਾਂ ਪਾਈਆਂ ਹੋਈਆਂ ਹਨ। ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੇ ਤਿਆਰ ਕੀਤੇ ਗਏ ਬੈਜ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਸੀਨੇ ‘ਤੇ ਲਾਏ ਜਾ ਰਹੇ ਹਨ।
ਇਥੇ ਕੁਝ ਨੌਜਵਾਨ ਸਵੇਰੇ 3 ਵਜੇ ਤੋਂ ਰਾਜਸਥਾਨ ਤੋਂ ਨਿਕਲੇ ਹੋਏ ਹਨ ਤੇ ਸਿੱਧੂ ਮੂਸੇਵਾਲਾ ਦੇ ਭੋਗ ਵਿੱਚ ਸ਼ਾਮਲ ਹੋਣ ਆਏ ਹਨ। ਇੱਕ ਨੌਜਵਾਨ ਨੇ ਦੱਸਿਆ ਕਿ ਉਹ ਇਥੇ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹੋਲੈਂਡ ਤੋਂ ਵਾਪਿਸ ਪੰਜਾਬ ਆਇਆ ਹੈ।
ਮੂਸੇਵਾਲਾ ਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਹ ਇੱਕ ਅਜਿਹਾ ਗਾਇਕ ਸੀ ਜਿਸ ਨੇ ਕੋਈ ਕੁੜੀਆਂ ‘ਤੇ ਗੀਤ ਨਹੀਂ ਗਾਏ ਸਗੋਂ ਆਪਣੇ ਗੀਤਾਂ ਰਾਹੀਂ ਸੱਚਾਈ ਬਿਆਨ ਕੀਤੀ, ਜਿਸ ਕਰਕੇ ਉਹ ਉਸ ਦੇ ਫੈਨ ਹੋ ਗਏ।
ਇਥੋਂ ਤੱਕ ਕਿ ਜੋ ਲੋਕ ਸਿੱਧੂ ਮੂਸੇਵਾਲਾ ਦੇ ਗਾਣੇ ਨਹੀਂ ਵੀ ਸੁਣਦੇ ਸਨ ਉਹ ਵੀ ਇਥੇ ਪਹੁੰਚੇ ਹੋਏ ਹਨ, ਸਿੱਧੂ ਮੂਸੇਵਾਲਾ ਦੀ ਸ਼ਖਸੀਅਤ ਤੋਂ ਉਹ ਲੋਕ ਇੰਨੇ ਕੁ ਪ੍ਰਭਾਵਿਤ ਹਨ ਜੋ ਉਨ੍ਹਾਂ ਦਾ ਆਪਣੇ ਮਾਪਿਆਂ ਲਈ ਸਤਿਕਾਰ ਸੀ, ਆਪਣੇ ਪਿੰਡ ਲਈ ਪਿਆਰ ਸੀ, ਇਹ ਚੀਜ਼ਾਂ ਲੋਕਾਂ ਦੇ ਦਿਲੋ-ਦਿਮਾਗ ਤੱਕ ਛੂਹ ਗਈਆਂ ਤੇ ਅਜਿਹੇ ਲੋਕ ਵੀ ਭੋਗ ਵਿੱਚ ਸ਼ਾਮਲ ਹੋਣ ਪਹੁੰਚੇ ਹਨ।
ਵੀਡੀਓ ਲਈ ਕਲਿੱਕ ਕਰੋ -: