ਤਾਮਿਲਨਾਡੂ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ‘ਹਿੰਦੀ ਥੋਪਣ’ ਦਾ ਵਿਰੋਧ ਕਰਦੇ ਹੋਏ ਇਕ ਕਿਸਾਨ ਨੇ ਖੁਦ ਨੂੰ ਅੱਗ ਲਾ ਲਈ। ਮਾਮਲਾ ਸੂਬੇ ਦੇ ਸਲੇਮ ਜ਼ਿਲ੍ਹੇ ਨਾਲ ਸਬੰਧਤ ਹੈ। ਇੱਥੇ ਇੱਕ 85 ਸਾਲਾ ਕਿਸਾਨ ਨੇ ‘ਹਿੰਦੀ ਥੋਪਣ’ ਦਾ ਵਿਰੋਧ ਕਰਦਿਆਂ ਡੀਐਮਕੇ ਹਾਊਸ ਦੇ ਬਾਹਰ ਖ਼ੁਦ ਨੂੰ ਅੱਗ ਲਾ ਲਈ।
ਮ੍ਰਿਤਕ ਦਾ ਨਾਂ ਥੰਗਾਵੇਲ ਦੱਸਿਆ ਜਾ ਰਿਹਾ ਹੈ। ਥੰਗਾਵੇਲ ਡੀਐੱਮਕੇ ਪਾਰਟੀ ਦਾ ਸਾਬਕਾ ਖੇਤੀਬਾੜੀ ਯੂਨੀਅਨ ਆਰਗੇਨਾਈਜ਼ਰ ਸੀ। ਉਹ ਸ਼ਨੀਵਾਰ ਸਵੇਰੇ ਮੇਟੂਰ ਦੇ ਨਾਲ ਲੱਗਦੇ ਥਲਾਇਯੂਰ ਸਥਿਤ ਡੀਐਮਕੇ ਪਾਰਟੀ ਦਫਤਰ ਦੇ ਸਾਹਮਣੇ ਹਿੰਦੀ ਲਾਗੂ ਕਰਨ ਦੇ ਖਿਲਾਫ ਪ੍ਰਦਰਸ਼ਨ ਕਰ ਰਿਹਾ ਸੀ।
ਰਿਪੋਰਟ ਮੁਤਾਬਕ ਉਨ੍ਹਾਂ ਨੇ ਕਥਿਤ ਤੌਰ ‘ਤੇ ਆਪਣੇ ਸਰੀਰ ਨੂੰ ਪੈਟਰੋਲ ਪਾ ਕੇ ਅੱਗ ਲਗਾ ਲਈ ਅਤੇ ਸਵੇਰੇ 11 ਵਜੇ ਦੇ ਕਰੀਬ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥੰਗਾਵੇਲ ਡੀ.ਐੱਮ.ਕੇ. ਦਾ ਸਰਗਰਮ ਮੈਂਬਰ ਸਨ। ਕਿਹਾ ਜਾ ਰਿਹਾ ਹੈ ਕਿ ਉਹ ਹਿੰਦੀ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਦੇ ਕੇਂਦਰ ਸਰਕਾਰ ਦੇ ਕਥਿਤ ਕਦਮ ਤੋਂ ਨਾਰਾਜ਼ ਸਨ।
ਰਿਪੋਰਟ ਮੁਤਾਬਕ ਖੁਦ ਨੂੰ ਸਾੜਨ ਤੋਂ ਪਹਿਲਾਂ ਥੰਗਾਵੇਲ ਨੇ ਬੈਨਰ ‘ਤੇ ਲਿਖਿਆ ਸੀ, “ਮੋਦੀ ਸਰਕਾਰ, ਕੇਂਦਰ ਸਰਕਾਰ, ਸਾਨੂੰ ਹਿੰਦੀ ਨਹੀਂ ਚਾਹੀਦੀ। ਸਾਡੀ ਮਾਤ ਭਾਸ਼ਾ ਤਾਮਿਲ ਹੈ ਅਤੇ ਹਿੰਦੀ ਜੋਕਰਾਂ ਦੀ ਭਾਸ਼ਾ ਹੈ। ਹਿੰਦੀ ਭਾਸ਼ਾ ਨੂੰ ਥੋਪਣ ਨਾਲ ਵਿਦਿਆਰਥੀਆਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ। “ਹਿੰਦੀ ਤੋਂ ਛੁਟਕਾਰਾ, ਹਿੰਦੀ ਤੋਂ ਛੁਟਕਾਰਾ, ਹਿੰਦੀ ਤੋਂ ਛੁਟਕਾਰਾ।” ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ ਡੀ.ਐੱਮ.ਕੇ. ਯੁਵਾ ਵਿੰਗ ਦੇ ਸਕੱਤਰ ਅਤੇ ਮੁੱਖ ਮੰਤਰੀ ਐਮਕੇ ਸਟਾਲਿਨ ਦੇ ਪੁੱਤਰ ਉਧਯਨਿਧੀ ਸਟਾਲਿਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਰਾਜ ਹਿੰਦੀ ਲਾਗੂ ਕਰਨ ‘ਤੇ ਜ਼ੋਰ ਦਿੰਦਾ ਹੈ ਤਾਂ ਪਾਰਟੀ ਰਾਸ਼ਟਰੀ ਰਾਜਧਾਨੀ ਵਿੱਚ ਭਾਜਪਾ ਦੀ ਅਗਵਾਈ ਵਾਲੇ ਕੇਂਦਰ ਵਿਰੁੱਧ ਪ੍ਰਦਰਸ਼ਨ ਕਰੇਗੀ।
ਇਹ ਵੀ ਪੜ੍ਹੋ : ਇਸਲਾਮਿਕ ਬੈਂਕ ਵਾਂਗ ਸ਼ੁਰੂ ਹੋਣਗੇ ਸਿੱਖ ਬੈਂਕ! ਸ੍ਰੀ ਅਕਾਲ ਤਖ਼ਤ ਜਥੇਦਾਰ ਨੇ ਦਿੱਤਾ ਅਹਿਮ ਹੁਕਮ
ਪਾਰਟੀ ਨੇ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਵੀ ਕੀਤੇ ਅਤੇ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਕੀਤੀ ਤਾਂ ਉਹ ਮੂਕ ਦਰਸ਼ਕ ਨਹੀਂ ਬਣੇਗੀ। ਦੱਸ ਦੇਈਏ ਕਿ ਇਹ ਵਿਰੋਧ ਸੰਸਦੀ ਪੈਨਲ ਦੀ ਸਿਫਾਰਿਸ਼ ਤੋਂ ਬਾਅਦ ਭੜਕਿਆ ਸੀ। ਸੰਸਦੀ ਕਮੇਟੀ ਨੇ ਸਿਫ਼ਾਰਿਸ਼ ਕੀਤੀ ਸੀ ਕਿ ਹਿੰਦੀ ਭਾਸ਼ੀ ਰਾਜਾਂ ਵਿੱਚ ਆਈਆਈਟੀ ਵਰਗੀਆਂ ਤਕਨੀਕੀ ਅਤੇ ਗ਼ੈਰ-ਤਕਨੀਕੀ ਉੱਚ ਸਿੱਖਿਆ ਸੰਸਥਾਵਾਂ ਵਿੱਚ ਹਿੰਦੀ ਮੀਡੀਅਮ ਵਿੱਚ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਕੇਰਲ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀਆਂ ਨੇ ਇਸ ‘ਤੇ ਇਤਰਾਜ਼ ਉਠਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: