ਫਗਵਾੜਾ/ਜਲੰਧਰ : ਬਰਤਾਨੀਆ ਦੀ ਸੰਸਦ ਵਿੱਚ ਬਹਿਸਾਂ ਅਤੇ ਸਵਾਲਾਂ ਦੌਰਾਨ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਕਿਸਾਨ ਅੰਦੋਲਨ ਬਾਰੇ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਉਣ ਲਈ ਅੱਜ ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਪਿੰਡ ਮੌਲੀ, ਫਗਵਾੜਾ ਵਿੱਚ ਹਲਕਾ ਸਲੋਹ, ਯੂਕੇ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦਾ ਧੰਨਵਾਦ ਕੀਤਾ ਅਤੇ ਉਨਾਂ ਨੂੰ ਸਨਮਾਨਿਤ ਵੀ ਕੀਤਾ।
ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵੱਲੋਂ ਕਰਵਾਏ ਗਏ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਕਿਸਾਨ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸਮਰਥਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਜਿਨ੍ਹਾਂ ਨੇ ਬੋਲਦਿਆਂ ਵਿਸ਼ਵ ਦੇ ਸਭ ਤੋਂ ਵੱਡੇ ਕਿਸਾਨ ਅੰਦੋਲਨ ਦੌਰਾਨ ਸੰਘਰਸ਼ਸ਼ੀਲ ਕਿਸਾਨਾਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਯੂਕੇ ਦੇ ਐਮਪੀ ਢੇਸੀ ਨੇ ਭਾਰਤੀ ਕਿਸਾਨਾਂ ਲਈ ਐਨਆਰਆਈ ਭਾਈਚਾਰੇ ਵੱਲੋਂ ਕੀਤੀ ਗਈ ਹਰ ਤਰ੍ਹਾਂ ਦੀ ਸਹਾਇਤਾ ਅਤੇ ਦੇਸ਼ ਵਿੱਚੋਂ ਕਈ ਸਰੋਤਾਂ ਤੋਂ ਪ੍ਰਾਪਤ ਹੁੰਦੀ ਰੋਜ਼ਾਨਾ ਜਾਣਕਾਰੀ, ਖਾਸ ਤੌਰ ’ਤੇ ਆਦਮਪੁਰ ਤੋਂ ਉਨ੍ਹਾਂ ਦੇ ਚਾਚਾ ਪਰਮਜੀਤ ਸਿੰਘ ਰਾਏਪੁਰ ਮੈਂਬਰ ਐਸਜੀਪੀਸੀ ਵੱਲੋਂ ਕੀਤੇ ਉਪਰਾਲਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ।
ਢੇਸੀ ਨੇ ਖੁਲਾਸਾ ਕੀਤਾ ਕਿ ਉਸਨੇ ਪਹਿਲਕਦਮੀ ਕਰਦਿਆਂ ਯੂਕੇ ਦੇ ਵਿਦੇਸ਼ ਮੰਤਰੀ ਲਈ ਇੱਕ ਪੱਤਰ ਤਿਆਰ ਕਰਕੇ ਉਸ ’ਤੇ 36 ਸੰਸਦ ਮੈਂਬਰਾਂ ਦੁਆਰਾ ਦਸਤਖਤ ਕਰਵਾਏ ਗਏ ਸਨ ਤਾਂ ਜੋ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਨੂੰ ਭਾਰਤੀ ਵਿਦੇਸ਼ ਮੰਤਰੀ ਕੋਲ ਉਠਾਇਆ ਜਾ ਸਕੇ, ਜੋ ਕਿ ਉਨਾਂ ਨੇ ਸਹੀ ਢੰਗ ਨਾਲ ਕੀਤਾ ਵੀ ਸੀ।
ਕਿਸਾਨ ਆਗੂਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਵੀ ਇਸ ਅੰਦੋਲਨ ਬਾਰੇ ਇੱਕ ਪੱਤਰ ਲਿਖਿਆ ਸੀ ਜਿਸ ਉਪਰ 100 ਤੋਂ ਵੱਧ ਬਰਤਾਨਵੀ ਸੰਸਦ ਮੈਂਬਰਾਂ ਵੱਲੋਂ ਦਸਤਖਤ ਕੀਤੇ ਗਏ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਦੋਂ ਅੱਥਰੂ ਗੈਸ ਅਤੇ ਲਾਠੀਚਾਰਜ ਦੀ ਫੁਟੇਜ ਵਾਇਰਲ ਹੋ ਗਈ ਸੀ ਤਾਂ ਪੁਲਿਸ ਵੱਲੋਂ ਕਿਸਾਨਾਂ ਨਾਲ ਦੁਰਵਿਵਹਾਰ ਨਾ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਆਪਣੇ ਸੰਬੋਧਨ ਵਿੱਚ ਢੇਸੀ ਨੇ ਵੱਖ-ਵੱਖ ਪ੍ਰਵਾਸੀ ਭਾਰਤੀਆਂ ਦੇ ਮੁੱਦੇ ਵੀ ਉਠਾਏ, ਜਿਵੇਂ ਕਿ ਯੂਕੇ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਲਈ ਹੋਰ ਸਿੱਧੀਆਂ ਉਡਾਣਾਂ ਦੀ ਲੋੜ ਹੈ। ਯੂਕੇ ਦੇ ਐਮਪੀ ਨੇ ਹੋਰ ਚੱਲ ਰਹੇ ਕੰਮਾਂ ਨੂੰ ਵੀ ਉਜਾਗਰ ਕੀਤਾ ਜਿੰਨਾਂ ਵਿੱਚ ਉਹ ਸਰਗਰਮ ਅਗਵਾਈ ਕਰ ਰਿਹਾ ਹੈ, ਉਨ੍ਹਾਂ ਵਿੱਚ ਵਿਸ਼ਵ ਯੁੱਧਾਂ ਦੌਰਾਨ ਸੇਵਾ ਕਰਨ ਵਾਲੇ ਸਿੱਖ ਸੈਨਿਕਾਂ ਲਈ ਕੇਂਦਰੀ ਲੰਦਨ ਵਿੱਚ ਇੱਕ ਯਾਦਗਾਰ ਬਣਾਉਣਾ ਅਤੇ ਪਿਛਲੇ ਸੱਤ ਸਾਲਾਂ ਤੋਂ ਯੂਕੇ ਗੱਤਕਾ ਚੈਂਪੀਅਨਸ਼ਿਪਾਂ ਦਾ ਸਾਲਾਨਾ ਆਯੋਜਨ ਕਰਕੇ ਜੰਗਜੂ ਕਲਾ ਗੱਤਕੇ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ : ਸਿਸੋਦੀਆ ਬੋਲੇ- ‘ਹਾਰ ਦੇ ਡਰੋਂ ਹਿਮਾਚਲ ‘ਚ ਭਾਜਪਾ ਨੇ ਕੇਜਰੀਵਾਲ ਸ਼ਾਸਨ ਦੀ ਨਕਲ ਕਰਨੀ ਸ਼ੁਰੂ ਕਰ ‘ਤੀ’
ਇਸ ਮੌਕੇ ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਸਾਹਨੀ, ਕਿਰਪਾਲ ਸਿੰਘ ਮੂਸਾਪੁਰ ਸਮੇਤ ਬੀਕੇਯੂ ਦੇ ਆਗੂਆਂ ਨੇ ਢੇਸੀ ਦਾ ਕਿਸਾਨੀ ਮਸਲੇ ਉਠਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਐਨ.ਆਰ.ਆਈਜ਼ ਅਤੇ ਵਿਸਵ ਭਰ ਤੋਂ ਆਈਆਂ ਜੋਰਦਾਰ ਆਵਾਜਾਂ ਸਦਕਾ ਹੀ ਕਿਸਾਨ ਮੋਰਚੇ ਨੂੰ ਇਤਿਹਾਸਕ ਸਫਲਤਾ ਮਿਲੀ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਸਪਾਲ ਸਿੰਘ ਢੇਸੀ, ਕਿਸਾਨ ਆਗੂ ਕੁਲਦੀਪ ਸਿੰਘ ਸੰਘਾ, ਹਰਿੰਦਰ ਸਿੰਘ ਖਹਿਰਾ, ਹੁਸਨ ਲਾਲ ਸਰਪੰਚ, ਪਾਲਾ ਮੌਲੀ, ਹਰਬੰਸ ਸਿੰਘ ਹਰਦੋ ਫਰੋਲਾ ਅਤੇ ਡਾ: ਸੁੱਖੀ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਸਿਆਸੀ ਆਗੂ ਵੀ ਹਾਜ਼ਰ ਸਨ।