ਮਾਰਚ ਵਿੱਚ ਪਏ ਬੇਮੌਸਮੀ ਮੀਂਹ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਤੇਜ਼ ਮੀਂਹ ਤੇ ਹਵਾਵਾਂ ਨਾਲ ਹੋਈ ਗੜੇਮਾਰੀ ਕਰਕੇ ਖੜੀਆਂ ਫਸਲਾਂ ਵਿਛ ਗਈਆਂ। ਇਸ ਦੇ ਨਾਲ ਹੀ ਅਜੇ ਵੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਨੂੰ ਲੈ ਕੇ ਮਾਨ ਸਰਕਾਰ ਗੰਭੀਰ ਹੈ ਤੇ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਵਿਸਾਖੀ ਤੱਕ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇ ਦਿੱਤਾ ਜਾਏਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਨੂੰ ਪਿੰਡਾਂ ‘ਚ ਜਾਕੇ ਕਿਸਾਨਾਂ ਨਾਲ ਮੁਲਾਕਾਤ ਕਰਨ ਲਈ ਕਿਹਾ ਹੈ। ਅਫ਼ਸਰਾਂ ਨੂੰ ਵੀ ਪਿੰਡਾਂ ‘ਚ ਜਾ ਕੇ ਜਲਦ ਗਿਰਦਾਵਰੀ ਰਿਪੋਰਟ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਸੀ.ਐੱਮ. ਮਾਨ ਨੇ ਕਿਹਾ ਕਿ ਅਸੀਂ ਕਿਸਾਨਾਂ ਨਾਲ ਖੜ੍ਹੇ ਹਾਂ।
ਦੱਸ ਦੇਈਏ ਕਿ ਬੀਤੇ ਦਿਨ ਸੀ.ਐੱਮ. ਮਾਨ ਬਠਿੰਡਾ ਦੇ ਰਾਮਪੁਰਾ ਫੂਲ ਇਲਾਕੇ ਦੇ ਪਿੰਡ ਸੇਲਬਰਾਹ ਭਾਈ ਰੂਪਾ ਪਹੁੰਚੇ। ਇੱਥੇ ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ 15 ਦਿਨਾਂ ਦੇ ਅੰਦਰ-ਅੰਦਰ ਮੁਆਵਜ਼ੇ ਦੀ ਰਾਸ਼ੀ ਉਨ੍ਹਾਂ ਦੇ ਖਾਤੇ ਵਿੱਚ ਭੇਜ ਦਿੱਤੀ ਜਾਵੇਗੀ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦਾ ਮੁਆਵਜ਼ਾ ਜਲਦੀ ਹੀ ਦਿੱਤਾ ਜਾਵੇਗਾ। ਮੁੱਖ ਮੰਤਰੀ ਕਰੀਬ ਅੱਧਾ ਘੰਟਾ ਕਿਸਾਨਾਂ ਵਿਚਕਾਰ ਰਹੇ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ। ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਕੁਦਰਤੀ ਆਫ਼ਤ ਫੰਡ ਹੈ, ਜੋ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸੁਖਜਿੰਦਰ ਰੰਧਾਵਾ ਬੋਲੇ- ‘ਕਾਂਗਰਸੀ ਨੂੰ ‘ਕਾਂਗਰਸੀ’ ਹੀ ਮਾਰਦੈ, ਮੈਂ ਇਹ ਨਹੀਂ ਹੋਣ ਦਿਆਂਗਾ’
ਦੂਜੇ ਪਾਸੇ ਸ਼ਨੀਵਾਰ ਬਾਅਦ ਦੁਪਹਿਰ ਭਾਰੀ ਗੜੇਮਾਰੀ ਹੋਈ। ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਹਰਿਆਉ ਵਿੱਚ ਕੁਦਰਤ ਦਾ ਕਹਿਰ ਵੇਖਣ ਵਾਲਾ ਸੀ। ਪਿੰਡ ਵਿੱਚ ਕੁਦਰਤ ਦੇ ਕਹਿਰ ਦੀਆਂ ਤਸਵੀਰਾਂ ਕਿਸਾਨਾਂ ਦਾ ਦਿਲ ਦਹਿਲਾ ਦੇਣ ਵਾਲੀਆਂ ਸਨ, ਜਿਸ ਨਾਲ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ। ਗੜੇਮਾਰੀ ਕਾਰਨ ਹੋਈ ਤਬਾਹੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਸ਼ੂਆਂ ਲਈ ਖੇਤ ਵਿੱਚ ਚਾਰਾ ਤੱਕ ਨਹੀਂ ਬਚਿਆ ਹੈ।
ਵੀਡੀਓ ਲਈ ਕਲਿੱਕ ਕਰੋ -: