ਤਰਨਤਾਰਨ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਸ਼ਨੀਵਾਰ ਦੁਪਹਿਰ ਸੈਲੂਨ ‘ਚ ਕਟਿੰਗ ਕਰਵਾਉਂਦੇ ਵੇਲੇ ਅਚਾਨਕ ਉਨ੍ਹਾਂ ਨੂੰ ਛਾਤੀ ‘ਚ ਦਰਦ ਹੋਇਆ। ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਉਸ ਨੂੰ ਤੁਰੰਤ ਨੇੜੇ ਦੇ ਹਸਪਤਾਲ ਲੈ ਗਏ, ਜਿੱਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਲਾਸ਼ ਨੂੰ ਹੁਣ ਤਰਨਤਾਰਨ ਸਥਿਤ ਉਨ੍ਹਾਂ ਦੀ ਰਿਹਾਇਸ਼ ਲਈ ਲਿਜਾਇਆ ਜਾ ਰਿਹਾ ਹੈ।
ਉਨ੍ਹਾਂ ਦੀ ਮੌਤ ‘ਤੇ ਤਰਨਤਾਰਨ ਦੇ ਕਾਂਗਰਸੀ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।
ਦੱਸ ਦੇਈਏ ਕਿ ਡਾ. ਧਰਮਵੀਰ ਅਗਨੀਹੋਤਰੀ ਦਾ ਜਨਮ 1946 ਵਿੱਚ ਪਿੰਡ ਸ਼ੈਰੋ, ਤਰਨਤਾਰਨ ਵਿੱਚ ਹੋਇਆ। ਡਾਕਟਰੀ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਹੀ ਪਿੰਡ ਸ਼ੈਰੋਂ ਵਿੱਚ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਆਪਣੇ ਨਾਂ ‘ਤੇ ਹਸਪਤਾਲ ਖੋਲ੍ਹਿਆ। ਅਗਨੀਹੋਤਰੀ ਨੇ ਸਰਪੰਚ ਦੀ ਚੋਣ ਨਾਲ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। 1997 ਵਿੱਚ ਉਨ੍ਹਾਂ ਸਰਪੰਚ ਦੀ ਚੋਣ ਲੜੀ ਅਤੇ ਜਿੱਤੇ। ਇਸ ਤੋਂ ਬਾਅਦ 2007 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਨੌਸ਼ਹਿਰਾ ਪੰਨੂਆ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਪਰ ਉਹ ਹਾਰ ਗਏ। 2012 ਵਿੱਚ ਅਗਨੀਹੋਤਰੀ ਨੇ ਤਰਨਤਾਰਨ ਤੋਂ ਚੋਣ ਲੜੀ ਸੀ ਪਰ ਇੱਕ ਵਾਰ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਅੱਧੇ ਪਾਕਿਸਤਾਨ ‘ਚ ਹੜ੍ਹ ਨਾਲ ਤਬਾਹੀ, ਸੈਂਕੜੇ ਬੱਚਿਆਂ ਸਣੇ 1000 ਮੌਤਾਂ, 3 ਕਰੋੜ ਲੋਕ ਬੇਘਰ
2017 ਵਿੱਚ ਡਾ. ਅਗਨੀਹੋਤਰੀ ਤਿੰਨ ਵਾਰ ਅਕਾਲੀ ਦਲ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਹਰਾ ਕੇ ਵਿਧਾਇਕ ਬਣੇ ਸਨ। ਉਨ੍ਹਾਂ ਨੇ ਹਰਮੀਤ ਸੰਧੂ ਨੂੰ 14,629 ਵੋਟਾਂ ਨਾਲ ਹਰਾਇਆ ਸੀ, ਪਰ 2022 ‘ਚ ਅਗਨੀਹੋਤਰੀ ਨੂੰ ਆਮ ਆਦਮੀ ਪਾਰਟੀ ਦੀ ਲਹਿਰ ਦੌਰਾਨ ਡਾ. ਕਸ਼ਮੀਰ ਸਿੰਘ ਸੋਹਲ ਨੇ ਹਰਾਇਆ ਸੀ। ਇਸ ਦੇ ਨਾਲ ਹੀ ਅਗਨੀਹੋਤਰੀ ਤਰਨਤਾਰਨ ਤੋਂ ਜਿੱਤਣ ਵਾਲੇ ਹੁਣ ਤੱਕ ਦੇ ਪਹਿਲੇ ਅਤੇ ਆਖਰੀ ਹਿੰਦੂ ਵਿਧਾਇਕ ਸਨ।
ਵੀਡੀਓ ਲਈ ਕਲਿੱਕ ਕਰੋ -: