ਨਵਾਂਸ਼ਹਿਰ ਜ਼ਿਲ੍ਹੇ ਦੇ ਕਸਬਾ ਜਾਡਲਾ ਕੋਲ ਜਲੰਧਰ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਐਤਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੋਂ ਦੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਨਾਈਮਾਜਰਾ ਨੇੜੇ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਵਿੱਚ ਇੱਕ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਜਾਨ ਗਵਾਉਣ ਵਾਲੇ 2 ਲੋਕ ਚੰਡੀਗੜ੍ਹ ਦੇ ਰਹਿਣ ਵਾਲੇ ਸਨ।
ਚੰਡੀਗੜ੍ਹ ਦੇ ਸੈਕਟਰ-38ਸੀ ਦਾ ਰਹਿਣ ਵਾਲਾ ਰਵਿੰਦਰ ਪਾਲ ਸਿੰਘ ਆਪਣੀ ਮਾਤਾ ਹਰਮਿੰਦਰ ਕੌਰ ਅਤੇ ਪਤਨੀ ਇੰਦਰਪ੍ਰੀਤ ਕੌਰ ਨਾਲ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਮੱਥਾ ਟੇਕਣ ਆਇਆ ਸੀ। ਐਤਵਾਰ ਦੁਪਹਿਰ ਨੂੰ ਉਹ ਆਪਣੀ ਕਾਰ (ਸੀ.ਐਚ.-01-ਬੀ.ਐਚ.-0220) ‘ਤੇ ਵਾਪਸ ਚੰਡੀਗੜ੍ਹ ਜਾ ਰਿਹਾ ਸੀ ਤਾਂ ਨੈਸ਼ਨਲ ਹਾਈਵੇ ‘ਤੇ ਪੈਂਦੇ ਪਿੰਡ ਨਾਈਮਾਜਰਾ ਨੇੜੇ ਸਾਹਮਣੇ ਤੋਂ ਆ ਰਹੇ ਇੱਕ ਬਾਈਕ ਨਾਲ ਉਸਦੀ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਰਵਿੰਦਰ ਪਾਲ ਸਿੰਘ ਖੁਦ ਕਾਰ ਚਲਾ ਰਿਹਾ ਸੀ।
ਇਸ ਹਾਦਸੇ ਵਿੱਚ ਰਵਿੰਦਰਪਾਲ ਸਿੰਘ ਅਤੇ ਉਸ ਦੀ ਮਾਤਾ ਹਰਮਿੰਦਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਾਈਕ ਸਵਾਰ ਦੋ ਵਿਅਕਤੀਆਂ ਦੀ ਵੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਰੌਲੇ-ਰੱਪੇ ਵਿਚਾਲੇ ਰਾਹਗੀਰਾਂ ਨੇ ਜ਼ਖਮੀਆਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਚਾਰਾਂ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਹਾਦਸੇ ਦੌਰਾਨ ਕਾਰ ਵਿੱਚ ਸਵਾਰ ਰਵਿੰਦਰ ਪਾਲ ਸਿੰਘ ਦੀ ਪਤਨੀ ਇੰਦਰਪ੍ਰੀਤ ਕੌਰ ਦੇ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਇੰਸਟਾਗ੍ਰਾਮ ‘ਤੇ ਠੱਗੀ ਗਈ ਔਰਤ, ਗੁਆਏ 8.6 ਲੱਖ ਰੁ., ਇੰਝ ਬਣਾਇਆ ਠੱਗਾਂ ਨੇ ਸ਼ਿਕਾਰ
ਮੁੱਢਲੀ ਜਾਂਚ ਵਿੱਚ ਪੁਲਿਸ ਬਾਈਕ ਸਵਾਰ ਦਾ ਕਸੂਰ ਮੰਨ ਰਹੀ ਹੈ। ਪੁਲਿਸ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਵਿਅਕਤੀ ਮਜ਼ਦੂਰ ਹਨ, ਜਿਨ੍ਹਾਂ ਬਾਰੇ ਬਾਕੀ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: