ਪੱਛਮੀ ਬੰਗਾਲ ਦੇ ਕ੍ਰਿਸ਼ਨਾ ਨਗਰ ਤੋਂ ਇੱਕ ਹੈਰਾਨ-ਪ੍ਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅੱਲ੍ਹੜ ਉਮਰ ਦੇ ਮੁੰਡਿਆਂ ਨੇ ਆਪਣੇ ਹੀ ਇੱਕ ਦੋਸਤ ਨੂੰ ਅਗਵਾ ਕਰ ਲਿਆ ਅਤੇ ਫਿਰੌਤੀ ਮੰਗੀ। ਇੰਨਾ ਹੀ ਨਹੀਂ 3 ਅਗਵਾਕਾਰਾਂ ਨੇ ਫਿਰੌਤੀ ਲਈ ਮੁੰਡੇ ਦੀ ਮਾਂ ਨੂੰ ਫੋਨ ਕੀਤਾ। ਪਰ ਤਿੰਨਾਂ ਨੇ ਆਪਣੇ 14 ਸਾਲਾ ਦੋਸਤ ਦੀ ਆਖਰੀ ਇੱਛਾ ਪੂਰੀ ਕਰਦੇ ਹੋਏ ਉਸ ਨੂੰ ਰਸਗੁੱਲਾ ਖੁਆ ਕੇ ਅਤੇ ਕੋਲਡ ਡਰਿੰਕ ਪਿਲਾ ਕੇ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਇਸ ਮਾਮਲੇ ‘ਚ ਕੋਲਕਾਤਾ ਪੁਲਿਸ ਨੇ 14 ਸਾਲਾ ਮੁੰਡੇ ਨੂੰ ਅਗਵਾ ਕਰਕੇ ਕਤਲ ਕਰਨ ਦੇ ਦੋਸ਼ ‘ਚ ਤਿੰਨ ਅੱਲ੍ਹੜ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ। ਕੋਲਕਾਤਾ ਪੁਲਿਸ ਮੁਤਾਬਕ ਤਿੰਨੇ ਦੋਸ਼ੀ ਇੱਕ ਨਾਬਾਲਗ ਦੋਸਤ ਨੂੰ ਅਗਵਾ ਕਰਨ ਤੋਂ ਬਾਅਦ ਮਿਲੀ ਫਿਰੌਤੀ ਦੀ ਰਕਮ ਨਾਲ ਇੱਕ ਕੰਪਿਊਟਰ ਖਰੀਦਣਾ ਚਾਹੁੰਦੇ ਸਨ ਤਾਂ ਜੋ ਉਹ ਇਸ ‘ਤੇ ਗੇਮ ਖੇਡ ਸਕਣ। ਤਿੰਨਾਂ ਨੇ ਗੇਮ ਖੇਡਣ ਲਈ ਕੰਪਿਊਟਰ ਖਰੀਦਣ ਲਈ ਹੀ ਆਪਣੇ ਦੋਸਤ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ ਸੀ। ਘਟਨਾ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਕ੍ਰਿਸ਼ਨਾਨਗਰ ਦੇ ਘੁਰਨੀ ਇਲਾਕੇ ਦੀ ਹੈ।
ਦੱਸਿਆ ਜਾਂਦਾ ਹੈ ਕਿ ਸ਼ਨੀਵਾਰ ਨੂੰ ਕ੍ਰਿਸ਼ਨਾਨਗਰ ਸ਼ਹਿਰ ਦੇ ਬਾਹਰਵਾਰ ਹਿਜੂਲੀ ਖੇਤਰ ਦੇ ਇਕ ਛੱਪੜ ‘ਚੋਂ ਬੋਰੀ ‘ਚ ਬੰਨ੍ਹੀ ਲਾਸ਼ ਬਰਾਮਦ ਕੀਤੀ ਗਈ। ਪੁਲਿਸ ਨੇ ਤਿੰਨਾਂ ਨੂੰ ਫੜ ਕੇ ਐਤਵਾਰ ਨੂੰ ਕ੍ਰਿਸ਼ਨਾ ਨਗਰ ਦੀ ਬਾਲ ਅਦਾਲਤ ਵਿੱਚ ਪੇਸ਼ ਕੀਤਾ।
ਪੁਲਿਸ ਨੇ ਦੱਸਿਆ ਕਿ ਘੁਰਨੀ ਦਾ 8ਵੀਂ ਜਮਾਤ ਦਾ ਵਿਦਿਆਰਥੀ ਸ਼ੁੱਕਰਵਾਰ ਦੁਪਹਿਰ ਨੂੰ ਨੇੜੇ ਦੀ ਦੁਕਾਨ ‘ਤੇ ਕੁਝ ਸਾਮਾਨ ਖਰੀਦਣ ਜਾਂਦੇ ਸਮੇਂ ਲਾਪਤਾ ਹੋ ਗਿਆ ਸੀ, ਪਰ ਸ਼ਨੀਵਾਰ ਸਵੇਰੇ ਉਸ ਦੀ ਮਾਂ ਨੂੰ 3 ਲੱਖ ਰੁਪਏ ਦੀ ਫਿਰੌਤੀ ਲਈ ਫੋਨ ਆਇਆ। ਇਸ ਤੋਂ ਬਾਅਦ ਮ੍ਰਿਤਕ ਦੀ ਮਾਂ ਨੇ ਥਾਣਾ ਕੋਤਵਾਲੀ ਨੂੰ ਸੂਚਨਾ ਦਿੱਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਤਿੰਨ ਸਥਾਨਕ ਨਿਵਾਸੀ ਨੌਜਵਾਨਾਂ ਨੂੰ ਫੜਿਆ ਹੈ ਜੋ ਕਿ ਉਸੇ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਹਨ, ਜਿਸ ਵਿੱਚ ਮ੍ਰਿਤਕ ਪੜ੍ਹਦਾ ਸੀ। ਉਨ੍ਹਾਂ ਨੇ ਮੁੰਡੇ ਦਾ ਕਤਲ ਕਰਕੇ ਉਸ ਦੀ ਲਾਸ਼ ਛੱਪੜ ਵਿੱਚ ਸੁੱਟਣ ਦੀ ਗੱਲ ਕਬੂਲੀ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :ਚਾਹੁਣ ਵਾਲਿਆਂ ਦੇ ਦਿਲਾਂ ‘ਚ ਅੱਜ ਵੀ ਜਿਊਂਦਾ ਸਿੱਧੂ ਮੂਸੇਵਾਲਾ, ਸਿੰਗਰ ਦੀ ਫੋਟੋ ਵਾਲੀ ਰੱਖੜੀ ਦੀ ਡਿਮਾਂਡ
ਪੁਲਿਸ ਨੂੰ ਸ਼ੱਕ ਹੈ ਕਿ ਤਿੰਨਾਂ ਨੂੰ ਲੱਗਾ ਹੋਵੇਗਾ ਕਿ ਮੁੰਡੇ ਦੀ ਮਾਂ ਫਿਰੌਤੀ ਦੀ ਰਕਮ ਨਹੀਂ ਦੇ ਸਕਦੀ ਹੋਵੇਗੀ, ਇਸ ਲਈ ਉਨ੍ਹਾਂ ਨੇ ਉਸ ਨੂੰ ਇਸ ਡਰ ਨਾਲ ਮਾਰ ਦਿੱਤਾ ਕਿ ਜੇ ਉਨ੍ਹਾਂ ਨੇ ਉਸ ਨੂੰ ਛੱਡ ਦਿੱਤਾ ਤਾਂ ਪੁਲਿਸ ਉਨ੍ਹਾਂ ਨੂੰ ਫੜ ਲਵੇਗੀ। ਪੁਲਿਸ ਨੇ ਦੱਸਿਆ ਕਿ ਮੁੰਡੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਸਥਾਨਕ ਸੂਤਰਾਂ ਮੁਤਾਬਕ ਮ੍ਰਿਤਕ ਵਿਦਿਆਰਥੀ ਦੇ ਪਿਤਾ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀ ਮਾਂ ਆਯਾ ਦਾ ਕੰਮ ਕਰਦੀ ਸੀ।
ਵੀਡੀਓ ਲਈ ਕਲਿੱਕ ਕਰੋ -: