ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰ ਅਗਲੇ ਸਾਲ ਗਰਮੀਆਂ ਵਿੱਚ ਢਾਈ ਨਹੀਂ ਸਗੋਂ ਚਾਰ ਮਹੀਨੇ ਸਵੇਰੇ 7:30 ਵਜੇ ਖੁੱਲ੍ਹਣਗੇ। ਇਸ ਵਾਰ ਸਰਕਾਰ ਨੇ ਇਹ ਫੈਸਲਾ 2 ਮਈ ਤੋਂ 15 ਜੁਲਾਈ ਤੱਕ ਦਫਤਰ ਜਲਦੀ ਖੋਲ੍ਹਣ ਦੇ ਹਾਂ-ਪੱਖੀ ਨਤੀਜੇ ਮਿਲਣ ਤੋਂ ਬਾਅਦ ਲਿਆ ਹੈ। ਇਸ ਨੂੰ ਸਾਲ 2024 ਵਿੱਚ 1 ਅਪ੍ਰੈਲ ਤੋਂ 31 ਜੁਲਾਈ ਤੱਕ ਲਾਗੂ ਕੀਤਾ ਜਾਵੇਗਾ।
ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਾਲ ਦਫ਼ਤਰੀ ਸਮੇਂ ਵਿੱਚ ਬਦਲਾਅ ਬਹੁਤ ਵਧੀਆ ਰਿਹਾ। ਸਰਕਾਰ ਵੱਲੋਂ ਕਰਵਾਏ ਸਰਵੇਖਣ ਵਿੱਚ ਇਹ ਫੀਡਬੈਕ ਸਾਹਮਣੇ ਆਇਆ ਹੈ ਕਿ ਬਿਜਲੀ ਦੀ ਬੱਚਤ ਤੋਂ ਇਲਾਵਾ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਆਪਣੇ ਪਰਿਵਾਰਾਂ ਨਾਲ ਵੱਧ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ। ਆਮ ਲੋਕਾਂ ਨੇ ਵੀ ਇਸ ਵਾਰ ਆਪਣਾ ਕੰਮ ਕਰਵਾਉਣਾ ਵਧੇਰੇ ਸੁਖਾਲਾ ਪਾਇਆ।
ਸੀ.ਐੱਮ. ਮਾਨ ਨੇ ਕਿਹਾ ਕਿ ਇਸ ਸਾਲ ਕੀਤੇ ਗਏ ਬਦਲਾਅ ਦੇ ਮਹੱਤਵਪੂਰਨ ਨਤੀਜੇ ਸਾਹਮਣੇ ਆਏ ਹਨ, ਇਸ ਲਈ ਅਗਲੀਆਂ ਗਰਮੀਆਂ ਵਿੱਚ ਇਹ ਚਾਰ ਮਹੀਨਿਆਂ ਲਈ ਚਲਾਇਆ ਜਾਵੇਗਾ। ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਟਰੈਫਿਕ ਕਲੀਅਰ ਕਰਨ ਦਾ ਸਮਾਂ 35-40 ਮਿੰਟ ਤੋਂ ਘਟਾ ਕੇ 5-7 ਮਿੰਟ ਕਰ ਦਿੱਤਾ ਗਿਆ।
ਮੁੱਖ ਮੰਤਰੀ ਮਾਨ ਨੇ ਟ੍ਰੈਫਿਕ ਬਾਰੇ ਕੀਤੇ ਅਧਿਐਨ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਉਪਰਾਲੇ ਦਾ ਆਵਾਜਾਈ ‘ਤੇ ਵੀ ਕਾਫੀ ਸਕਾਰਾਤਮਕ ਪ੍ਰਭਾਵ ਪਿਆ ਹੈ। ਸਰਕਾਰ ਨੇ ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਸਟੱਡੀ ਕਰਵਾ ਦਿੱਤੀ। ਇਸ ਵਿੱਚ ਪਤਾ ਲੱਗਿਆ ਕਿ ਦਫ਼ਤਰੀ ਸਮੇਂ ਵਿੱਚ 9 ਵਜੇ ਦੇ ਕਰੀਬ ਵਾਹਨਾਂ ਨੂੰ ਨਿਕਲਣ ਵਿੱਚ 35 ਤੋਂ 40 ਮਿੰਟ ਦਾ ਸਮਾਂ ਲੱਗ ਜਾਂਦਾ ਸੀ। ਨਵੇਂ ਸਮੇਂ ਵਿੱਚ ਇਸ ਨੂੰ ਘਟਾ ਕੇ 5 ਤੋਂ 7 ਮਿੰਟ ਕਰ ਦਿੱਤਾ ਗਿਆ। ਟ੍ਰੈਫਿਕ ਜਾਮ ਤੋਂ ਛੁਟਕਾਰਾ ਮਿਲਣ ਨਾਲ ਸਮੇਂ ਦੇ ਨਾਲ ਬਾਲਣ ਦੀ ਵੀ ਬੱਚਤ ਹੋਈ।
ਇਹ ਵੀ ਪੜ੍ਹੋ : ਮੁੱਖ ਸਕੱਤਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਜਲਦ ਮੁਆਵਜ਼ਾ ਰਕਮ ਜਾਰੀ ਕਰਨ ਦੇ ਨਿਰਦੇਸ਼ ਜਾਰੀ
ਦੱਸ ਦੇਈਏ ਕਿ ਦਫ਼ਤਰਾਂ ਦੇ ਜਲਦੀ ਖੁੱਲ੍ਹਣ ਨਾਲ ਪੰਜਾਬ ਭਰ ਦੇ ਲੋਕਾਂ ਲਈ ਸਵੇਰੇ ਜਲਦੀ ਆਪਣੇ ਕੰਮ ਨਿਪਟਾਉਣੇ ਸੌਖੇ ਹੋ ਗਏ ਅਤੇ ਇਸ ਤੋਂ ਬਾਅਦ ਉਹ ਆਪਣੇ ਕੰਮ ਲਈ ਵਧੇਰੇ ਸਮਾਂ ਲਗਾ ਸਕਦੇ ਸਨ। ਵੱਡੀ ਗਿਣਤੀ ਵਿੱਚ ਲੋਕਾਂ ਦੀ ਸਾਰੀ ਦਿਹਾੜੀ ਬਚ ਗਈ। ਮੁਲਾਜ਼ਮਾਂ ਨੂੰ ਵੀ ਕਈ ਤਰੀਕਿਆਂ ਨਾਲ ਫਾਇਦਾ ਹੋਇਆ। ਉਨ੍ਹਾਂ ਨੂੰ ਕਈ ਜ਼ਰੂਰੀ ਕੰਮਾਂ ਲਈ ਵੱਖਰੀ ਛੁੱਟੀ ਨਹੀਂ ਲੈਣੀ ਪੈਂਦੀ ਸੀ। ਬਹੁਤ ਸਾਰੇ ਕਰਮਚਾਰੀ ਆਪਣਾ ਚੈਕਅੱਪ ਕਰਵਾਉਣ, ਬੈਂਕ ਦਾ ਕੰਮ ਆਦਿ ਕਰਨ ਦੇ ਨਾਲ-ਨਾਲ ਬੱਚਿਆਂ ਦੀ ਪੜ੍ਹਾਈ ਨਾਲ ਸਬੰਧਤ ਵਾਧੂ ਸਮਾਂ ਵੀ ਦੇ ਸਕੇ।
ਵੀਡੀਓ ਲਈ ਕਲਿੱਕ ਕਰੋ -: