ਪੰਜਾਬ ਦੇ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨ ਕਰ ਦਿੱਤਾ ਹੈ। ਰਿੰਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਜੁੜਿਆ ਹੋਇਆ ਹੈ। ਉਹ BKI ਦੇ ਭਾਰਤ ਮੁਖੀ ਵਜੋਂ ਕੰਮ ਕਰਦਾ ਹੈ। ਹਰਵਿੰਦਰ ਰਿੰਦਾ ਬਾਰੇ ਦਿਲਚਸਪ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾਂ ਪਾਕਿਸਤਾਨ ਦੇ ਲਾਹੌਰ ‘ਚ ਉਸ ਦੀ ਮੌਤ ਦੀ ਖ਼ਬਰ ਆਈ ਸੀ।
ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਤੌਰ ‘ਤੇ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਹੈ। ਪੰਜਾਬ ‘ਚ ਅੱਤਵਾਦੀ ਰਿੰਦਾ ‘ਤੇ ਗ੍ਰੇਨੇਡ ਹਮਲੇ ਤੋਂ ਲੈ ਕੇ ਟਾਰਗੇਟ ਕਿਲਿੰਗ ਤੱਕ ਦੇ ਮਾਮਲੇ ਦਰਜ ਹਨ, ਜਿਸ ਕਾਰਨ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਰਿੰਦਾ ‘ਤੇ 10 ਲੱਖ ਰੁਪਏ ਦਾ ਐਲਾਨ ਕੀਤਾ ਸੀ।
ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸੰਧੂ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ ਅਤੇ ਇਸ ਸਮੇਂ ਸਰਹੱਦ ਪਾਰ ਏਜੰਸੀਆਂ ਦੀ ਸੁਰੱਖਿਆ ਹੇਠ ਲਾਹੌਰ, ਪਾਕਿਸਤਾਨ ਵਿਚ ਹੈ। ਉਹ ਪੰਜਾਬ ਵਿੱਚ ਕਈ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਹੈ।
ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਨੇ 2 ਸੰਗਠਨਾਂ ਖਾਲਿਸਤਾਨ ਟਾਈਗਰ ਫੋਰਸ (KTF) ਅਤੇ ਜੰਮੂ-ਕਸ਼ਮੀਰ ਗਜ਼ਨਵੀ ਫੋਰਸ (JKGF) ਨੂੰ ਅੱਤਵਾਦੀ ਸੰਗਠਨ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਤਰਨਤਾਰਨ : ਗਨ ਪੁਆਇੰਟ ‘ਤੇ ਲੁੱਟਣ ਦੀ ਕੋਸ਼ਿਸ਼ ਕਰਦਾ ਲੁਟੇਰਾ ਚੜਿਆ ਲੋਕਾਂ ਦੇ ਹੱਥੇ, ਕੀਤੀ ਛਿੱਤਰ ਪਰੇਡ
ਦੱਸ ਦੇਈਏ ਕਿ ਰਿੰਦਾ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਸੀ। ਬਾਅਦ ਵਿੱਚ ਉਹ ਨਾਂਦੇੜ ਮਹਾਰਾਸ਼ਟਰ ਚਲਾ ਗਿਆ। ਉਸ ਨੂੰ ਸਤੰਬਰ 2011 ਵਿੱਚ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕਈ ਅਪਰਾਧਿਕ ਮਾਮਲਿਆਂ ‘ਚ ਉਸ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਹ ਨੇਪਾਲ ਦੇ ਰਸਤੇ ਫਰਜ਼ੀ ਪਾਸਪੋਰਟ ‘ਤੇ ਪਾਕਿਸਤਾਨ ਭੱਜ ਗਿਆ ਸੀ। ਉਥੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਉਸ ਨੂੰ ਆਪਣਾ ਗੁਰਗਾ ਬਣਾ ਲਿਆ।
ਉਸ ਨੇ ਪੰਜਾਬ ਵਿੱਚ ਕੌਮਾਂਤਰੀ ਸਰਹੱਦ ਰਾਹੀਂ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਭੇਜਣੇ ਸ਼ੁਰੂ ਕਰ ਦਿੱਤੇ। ਰਿੰਦਾ ਇੱਕ ਹਿਸਟਰੀਸ਼ੀਟਰ ਹੈ। ਉਹ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਮਹਾਰਾਸ਼ਟਰ ਵਿੱਚ ਬਦਨਾਮ ਗੈਂਗਸਟਰ ਰਿਹਾ ਹੈ। ਉਹ ਪੰਜਾਬ ਪੁਲਿਸ ਨੂੰ ਕਤਲ, ਕੰਟਰੈਕਟ ਕਿਲਿੰਗ, ਡਕੈਤੀ, ਫਿਰੌਤੀ ਅਤੇ ਖੋਹ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: