ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੱਡੀ ਕਾਰਵਾਈ ਕਰਦੇ ਹੋਏ ਯੂਏਈ ਤੋਂ ਭਾਰਤ ਡਿਪੋਰਟ ਹੋਣ ਤੋਂ ਬਾਅਦ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਵਿਕਰਮਜੀਤ ਸਿੰਘ ਉਰਫ਼ ਵਿਕਰਮ ਬਰਾੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇੱਕ ਬਿਆਨ ਵਿੱਚ ਏਜੰਸੀ ਨੇ ਕਿਹਾ ਕਿ NIA ਦੀ ਇੱਕ ਟੀਮ ਸੰਯੁਕਤ ਅਰਬ ਅਮੀਰਾਤ (ਯੂਏਈ) ਗਈ ਸੀ ਤਾਂ ਜੋ ਉਸ ਨੂੰ ਡਿਪੋਰਟ ਕਰਵਾ ਕੇ ਉਸਨੂੰ ਭਾਰਤ ਵਾਪਸ ਲਿਆਂਦਾ ਜਾ ਸਕੇ।
ਐਨਆਈਏ ਨੇ ਕਿਹਾ ਕਿ ਬਰਾੜ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਇਲਾਵਾ ਬੇਕਸੂਰ ਲੋਕਾਂ ਅਤੇ ਕਾਰੋਬਾਰੀਆਂ ਦੇ ਕਤਲ ਵਿੱਚ ਸ਼ਾਮਲ ਸੀ।
ਉਹ ਖਤਰਨਾਕ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਹੋਰਾਂ ਦੀ ਮਦਦ ਨਾਲ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਵੀ ਸ਼ਾਮਲ ਸੀ। 2020 ਤੋਂ ਭਗੌੜਾ ਬਰਾੜ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ-ਨਾਲ ਅਸਲਾ ਐਕਟ ਦੇ ਤਹਿਤ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਸਣੇ ਘੱਟੋ-ਘੱਟ 11 ਮਾਮਲਿਆਂ ਵਿੱਚ ਲੋੜੀਂਦਾ ਸੀ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਸਮੇਤ ਵੱਖ-ਵੱਖ ਰਾਜਾਂ ਦੀ ਪੁਲਿਸ ਦੁਆਰਾ ਬੇਨਤੀ ‘ਤੇ ਸਮਰੱਥ ਅਥਾਰਟੀ ਦੁਆਰਾ ਉਸ ਦੇ ਖਿਲਾਫ 11 ਲੁੱਕ ਆਊਟ ਨੋਟਿਸ ਜਾਰੀ ਕੀਤੇ ਗਏ ਸਨ।
ਇਹ ਗ੍ਰਿਫਤਾਰੀ ਮੰਗਲਵਾਰ ਨੂੰ ਇੱਕ ਅੱਤਵਾਦੀ-ਗੈਂਗਸਟਰ ਸਾਜ਼ਿਸ਼ ਮਾਮਲੇ ਵਿੱਚ ਕੀਤੀ ਗਈ ਸੀ ਜਿਸਦੀ ਸੰਘੀ ਏਜੰਸੀ ਜਾਂਚ ਕਰ ਰਹੀ ਹੈ। NIA ਨੇ ਇਸ ਮਾਮਲੇ ‘ਚ ਹੁਣ ਤੱਕ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਦਿੱਲੀ ਦੀ ਇਕ ਵਿਸ਼ੇਸ਼ ਐਨਆਈਏ ਅਦਾਲਤ ਨੇ ਉਸ ਦੇ ਖਿਲਾਫ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਸੀ। ਦੋਸ਼ੀ ਦੇ ਨਾਂ ‘ਤੇ ਲੁੱਕ ਆਊਟ ਸਰਕੂਲਰ (LOC) ਵੀ ਜਾਰੀ ਕੀਤਾ ਗਿਆ ਹੈ ਅਤੇ 24 ਮਾਰਚ, 2022 ਨੂੰ, ਐਨਆਈਏ ਨੇ ਚਾਰਜਸ਼ੀਟ ਦਾਇਰ ਕੀਤੀ। 2022 ਵਿੱਚ ਦਿੱਲੀ ਵਿੱਚ ਦਰਜ ਆਰਸੀ-39 ਵਿੱਚ 13 ਹੋਰ ਮੁਲਜ਼ਮਾਂ ਦੇ ਨਾਲ ਉਸਦਾ ਨਾਮ ਵੀ ਸ਼ਾਮਲ ਸੀ। ਇਹ ਅੱਤਵਾਦੀ ਗਠਜੋੜ ਨਾਲ ਜੁੜਿਆ ਮਾਮਲਾ ਸੀ।
ਐਨਆਈਏ ਮੁਤਾਬਕ ਸਾਲ 2020 ਤੋਂ 2022 ਤੱਕ ਵਿਕਰਮਜੀਤ ਸਿੰਘ ਉਰਫ਼ ਵਿਕਰਮ ਬਰਾੜ ਨੇ ਸਿੱਧੂ ਮੂਸੇਵਾਲਾ ਕਤਲ ਵਿੱਚ ਗੋਲਡੀ ਬਰਾੜ ਦੀ ਸਰਗਰਮੀ ਨਾਲ ਮਦਦ ਕੀਤੀ ਸੀ। ਲਾਰੈਂਸ ਬਿਸ਼ਨੋਈ ਨੇ ਹਵਾਲਾ ਰਾਹੀਂ ਬਰਾੜ ਨੂੰ ਕਈ ਵਾਰ ਫਿਰੌਤੀ ਦੀ ਰਕਮ ਵੀ ਭੇਜੀ ਸੀ। ਬਰਾੜ ਨੇ ਕੁਰੂਕਸ਼ੇਤਰ ਦੇ ਇੱਕ ਡਾਕਟਰ ਤੋਂ ਜਬਰੀ ਵਸੂਲੀ ਦੀ ਮੰਗ ਕੀਤੀ।
ਇਹ ਵੀ ਪੜ੍ਹੋ : 1984 ਸਿੱਖ ਵਿਰੋਧੀ ਦੰਗੇ, ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਕੀਤਾ ਤਲਬ, CBI ਦੀ ਚਾਰਜਸ਼ੀਟ ‘ਤੇ ਕਾਰਵਾਈ
ਹਾਲ ਹੀ ਦੇ ਮਹੀਨਿਆਂ ਵਿੱਚ ਐਨਆਈਏ ਨੇ ਪੰਜ ਭਗੌੜਿਆਂ ਨੂੰ ਡਿਪੋਰਟ ਕਰਨ ਅਤੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਵਿੱਚੋਂ ਤਰਨਤਾਰਨ ਧਮਾਕਿਆਂ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਉਰਫ਼ ਬਿੱਕਰ ਪੰਜਵਾਰ ਉਰਫ਼ ਬਿੱਕਰ ਬਾਬਾ ਨੂੰ ਦਸੰਬਰ 2022 ਵਿੱਚ ਆਸਟਰੀਆ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਕਿਸੇ ਪੱਛਮੀ ਦੇਸ਼ ਤੋਂ ਆਪਣੀ ਕਿਸਮ ਦਾ ਇਹ ਪਹਿਲਾ ਹਵਾਲਗੀ ਮਾਮਲਾ ਸੀ। ਇਸ ਤੋਂ ਇਲਾਵਾ ਬੱਬਰ ਖਾਲਸਾ ਦੇ ਕੁਲਵਿੰਦਰਜੀਤ ਸਿੰਘ ਉਰਫ ਖਾਨਪੁਰੀਆ, ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ, ਪਰਮਿੰਦਰ ਪਾਲ ਸਿੰਘ ਉਰਫ ਬੌਬੀ ਅਤੇ ਅਬੂਬਕਰ ਹਾਜੀ ਨੂੰ ਲੁਧਿਆਣਾ ਕੋਰਟ ਕੰਪਲੈਕਸ ਬੰਬ ਬਲਾਸਟ ਕੇਸ ਵਿਚ ਡਿਪੋਰਟ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: