ਬਾਈਕ ਚਲਾਉਂਦੇ ਸਮੇਂ ਹੈਲਮੇਟ ਪਹਿਨਣ ਕਿੰਨਾ ਜ਼ਰੂਰੀ ਹੈ ਇਸ ਦਾ ਅੰਦਾਜ਼ਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ। ਇਸ ਨੂੰ ਦਿੱਲੀ ਪੁਲਿਸ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿੱਚ ਇੱਕ ਤੇਜ਼ ਰਫ਼ਤਾਰ ਬਾਈਕ ਇੱਕ ਕਾਰ ਨਾਲ ਟਕਰਾ ਜਾਂਦੀ ਹੈ। ਹਾਲਾਂਕਿ ਹਾਦਸੇ ਦੇ ਬਾਵਜੂਦ ਬਾਈਕ ਚਾਲਕ ਹੈਲਮੇਟ ਪਹਿਨਣ ਕਰਕੇ ਵਾਲ-ਵਾਲ ਬਚ ਗਿਆ।
15 ਸੈਕਿੰਡ ਦੀ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਇਕ ਵਾਰ ਨਹੀਂ ਸਗੋਂ ਦੋ ਮੌਤ ਨੂੰ ਮਾਤ ਦਿੰਦਾ ਹੈ। ਕਾਰ ਨਾਲ ਹੋਏ ਹਾਦਸੇ ਵਿਚ ਉਹ ਸੜਕ ‘ਤੇ ਡਿੱਗ ਪਿਆ ਅਤੇ ਉਸ ਦੀ ਬਾਈਕ ਘਸੀਟਦੇ ਹੋਏ ਖੰਭੇ ਨਾਲ ਟਕਰਾ ਗਈ। ਗੱਲ ਇੱਥੇ ਹੀ ਨਹੀਂ ਰੁਕਦੀ। ਇਸ ਤੋਂ ਬਾਅਦ ਉਹ ਬਿਜਲੀ ਦਾ ਖੰਭਾ ਵੀ ਨੌਜਵਾਨ ‘ਤੇ ਡਿੱਗ ਪਿਆ। ਇਹ ਸਾਰੀ ਘਟਨਾ ਸਿਰਫ 10 ਸਕਿੰਟਾਂ ਵਿੱਚ ਵਾਪਰਦੀ ਹੈ। ਇਸ ਹਾਦਸੇ ‘ਚ ਕੋਈ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਸਕਦਾ ਸੀ ਪਰ ਇਸ ਵਿਅਕਤੀ ਦੀ ਜਾਨ ਉਸ ਦੇ ਹੈਲਮੇਟ ਕਾਰਨ ਬਚ ਗਈ।
ਦਿੱਲੀ ਪੁਲਿਸ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੱਤਾ ਹੈ- ‘ਰੱਬ ਉਸ ਦੀ ਮਦਦ ਕਰਦਾ ਹੈ ਜੋ ਹੈਲਮੇਟ ਪਾਉਂਦਾ ਹੈ’। ਇਸ ਨੂੰ ਸਿਰਫ 20 ਘੰਟਿਆਂ ‘ਚ 9 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਨੂੰ 30 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਹੈ ਅਤੇ 6 ਹਜ਼ਾਰ ਤੋਂ ਵੱਧ ਯੂਜ਼ਰਸ ਵੱਲੋਂ ਸਾਂਝਾ ਕੀਤਾ ਗਿਆ ਹੈ।
ਵੀਡੀਓ ਦੇ ਅੰਤ ਵਿੱਚ, ਦਿੱਲੀ ਪੁਲਿਸ ਨੇ ਇੱਕ ਮੈਸੇਜ ਦਿੰਦੇ ਹੋਏ ਲਿਖਿਆ – ਹੈਲਮੇਟ ਤੁਹਾਡੀ ਜਾਨ ਇੱਕ, ਦੋ ਨਹੀਂ, ਤਿੰਨ ਵਾਰ ਬਚਾਉਂਦਾ ਹੈ। ਇਸ ‘ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਵੀਡੀਓ ‘ਤੇ ਇਕ ਯੂਜ਼ਰ ਨੇ ਕਮੈਂਟ ਕੀਤਾ- ਨੌਜਵਾਨ ਦੀ ਗਰਦਨ ਨਹੀਂ ਟੁੱਟੀ, ਇਹ ਚਮਤਕਾਰ ਹੈ। ਇਸ ਦੇ ਨਾਲ ਹੀ ਕਈ ਲੋਕਾਂ ਨੇ ਬਿਜਲੀ ਦੇ ਖੰਭਿਆਂ ਦੀ ਕੁਆਲਿਟੀ ‘ਤੇ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਦਾ ਹਾਲ! ਕੰਗਾਲੀ ਦੇ ਆਲਮ ‘ਚ ਵੀ ਇਸ਼ਤਿਹਾਰਾਂ ‘ਤੇ ਉਡਾਏ 503 ਕਰੋੜ ਰੁ.
ਦੱਸ ਦੇਈਏ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ 2020 ਵਿੱਚ, ਹੈਲਮੇਟ ਨਾ ਪਹਿਨਣ ਕਰਕੇ 39 ਹਜ਼ਾਰ ਲੋਕਾਂ ਦੀ ਜਾਨ ਚਲੀ ਗਈ। ਇਨ੍ਹਾਂ ਵਿੱਚੋਂ 12 ਫੀਸਦੀ ਮੌਤਾਂ ਸਿਰਫ਼ ਮਹਾਰਾਸ਼ਟਰ ਵਿੱਚ ਦਰਜ ਹੋਈਆਂ ਹਨ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਕਈ ਰਾਜਾਂ ਦੀ ਟ੍ਰੈਫਿਕ ਪੁਲਿਸ ਅਕਸਰ ਹੀ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਹੈਲਮੇਟ ਪਹਿਨਣ ਲਈ ਜਾਗਰੂਕ ਕਰਦੀ ਰਹਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: