ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਦੁਖੀ ਹੈ। ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਰਹਿੰਦੇ ਹਨ ਪਰ ਅਸਲੀਅਤ ਤਾਂ ਕੁਝ ਹੋਰ ਹੀ ਹੈ। ਅਜਿਹੀ ਹੀ ਇਕ ਸ਼ਿਕਾਇਤ ਲੈ ਕੇ ਜਲੰਧਰ ਦੀ ਡੈੱਫ ਐਂਡ ਡੰਬ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ ਨੇ ਪੰਜਾਬ ਸਰਕਾਰ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਮੱਲਿਕਾ ਨੇ ਕਿਹਾ ਕਿ ਉਹ ਵਿਸ਼ਵ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜੇਤੂ ਹੈ।
ਇਸ ਦੇ ਬਾਵਜੂਦ ਉਸਨੂੰ ਕੋਈ ਕੋਚ ਜਾਂ ਨੌਕਰੀ ਦੇਣ ਤਾਂ ਦੂਰ, ਪੰਜਾਬ ਸਰਕਾਰ ਨੇ ਕੋਈ ਉਤਸ਼ਾਹ ਵੀ ਨਹੀਂ ਦਿੱਤਾ। ਹਾਲਾਂਕਿ ਉਹ ਪਿਛਲੇ 7 ਸਾਲਾਂ ਤੋਂ ਆਪਣੇ ਅਧਿਕਾਰਾਂ ਦੀ ਮੰਗ ਕਰ ਰਹੀ ਹੈ ਪਰ ਕੋਈ ਸੁਣਵਾਈ ਨਹੀਂ ਹੋ ਸਕੀ। ਉਸ ਦਾ ਇਕ ਹੀ ਸਵਾਲ ਹੈ ਕਿ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਦੇ ਮਾਮਲੇ ਵਿਚ ਉਸ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ?
ਇਹ ਵੀ ਪੜ੍ਹੋ : ਲੁਧਿਆਣਾ ‘ਚ ਨਕਲੀ ਆਧਾਰ ਕਾਰਡ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਦੋ ਕੀਤੇ ਕਾਬੂ
ਜਲੰਧਰ ਦੇ ਗ੍ਰੀਨ ਐਵੇਨਿਊ ਦੀ ਰਹਿਣ ਵਾਲੀ ਮਲਿਕਾ ਹਾਂਡਾ ਸੁਣ ਅਤੇ ਬੋਲ ਨਹੀਂ ਸਕਦੀ। ਇਸ ਦੇ ਬਾਵਜੂਦ ਜਦੋਂ ਉਸ ਦੀਆਂ ਉਂਗਲੀਆਂ ਸ਼ਹਿ ਤੇ ਮਾਤ ਦੇ ਖੇਡ ਚੈੱਸ ਬੋਰਡ ‘ਤੇ ਚੱਲਦੀਆਂ ਹਨ ਤਾਂ ਹਾਥੀ, ਘੋੜੇ, ਪਿਆਦੇ, ਰਾਜਾ ਅਤੇ ਰਾਣੀ ਉਸ ਦੀ ਹੀ ਸੁਣਦੇ ਹਨ। 2010 ਵਿੱਚ, ਉਸਨੇ ਸ਼ਤਰੰਜ ਖੇਡਣਾ ਸ਼ੁਰੂ ਕੀਤਾ। ਸ਼ੁਰੂ ਵਿੱਚ, ਉਹ ਆਪਣੇ ਚਚੇਰੇ ਭਰਾ ਅਤੇ ਪਿਤਾ ਨਾਲ ਖੇਡਦੀ ਸੀ। ਪਰਿਵਾਰ ਨੇ ਵੇਖਿਆ ਕਿ ਉਹ ਸ਼ਤਰੰਜ ਵਿੱਚ ਚੰਗੀ ਸੀ, ਇਸ ਲਈ ਉਸਦੇ ਪ੍ਰੈਕਟਿਸ ‘ਤੇ ਧਿਆਨ ਦੇਣ ਲੱਗੇ।
ਮੱਲਿਕਾ ਹਾਂਡਾ ਨੇ ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੂੰ ਟਵੀਟ ਕੀਤਾ ਕਿ ਮੈਂ ਸ਼ਤਰੰਜ ਵਿੱਚ ਵਿਸ਼ਵ ਚੈਂਪੀਅਨ ਹਾਂ। ਪੰਜਾਬ ਸਰਕਾਰ ਮੈਨੂੰ ਨਜ਼ਰ ਅੰਦਾਜ਼ ਕਿਉਂ ਕਰ ਰਹੀ ਹੈ? ਮੈਂ ਲਗਭਗ 7 ਸਾਲਾਂ ਤੋਂ ਇੰਤਜ਼ਾਰ ਕਰ ਰਹੀ ਹਾਂ, ਪਰ ਨਾ ਤਾਂ ਨੌਕਰੀ ਮਿਲੀ ਅਤੇ ਨਾ ਹੀ ਕੋਈ ਨਕਦ ਪੁਰਸਕਾਰ। ਕੋਈ ਵੀ ਮੇਰੀ ਮਿਹਨਤ ਨੂੰ ਨਹੀਂ ਦੇਖ ਰਿਹਾ। ਮੈਂ ਡਿਪਰੈਸ਼ਨ ਵਿੱਚ ਜਾ ਰਹੀ ਹਾਂ। ਜੇ ਤੁਸੀਂ ਦੂਜੇ ਰਾਜ ਤੋਂ ਹੋ ਤਾਂ ਤੁਹਾਨੂੰ ਗੋਲਡ ਮੈਡਲ ਅਤੇ ਸਰਕਾਰੀ ਨੌਕਰੀ ਦੇ ਨਾਲ ਕਰੋੜਾਂ ਰੁਪਏ ਮਿਲਦੇ ਹਨ। ਪੰਜਾਬ ਲਈ ਇਹ ਮੈਡਲ ਬਿਲਕੁਲ ਖਿਡੌਣੇ ਵਾਂਗ ਹੈ। ਪੰਜਾਬ ਸਰਕਾਰ ਡੈਫ ਸਪੋਰਟਸ ਨਾਲ ਅਜਿਹਾ ਕਿਉਂ ਕਰ ਰਹੀ ਹੈ?
ਮੱਲਿਕਾ ਹਾਂਡਾ ਨੇ ਇਸ ਸਬੰਧ ਵਿੱਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਤੋਂ ਵੀ ਮਦਦ ਮੰਗੀ ਸੀ। ਉਸ ਨੇ ਸੋਨੂੰ ਸੂਦ ਨੂੰ ਟਵੀਟ ਕਰਕੇ ਕਿਹਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਮੈਂ ਤੁਹਾਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਬੇਨਤੀ ਕਰਦਾ ਹਾਂ, ਤਾਂ ਜੋ ਪੰਜਾਬ ਦੇ ਖੇਡ ਵਿਭਾਗ ਦੀਆਂ ਅੱਖਾਂ ਖੁੱਲ੍ਹ ਸਕਣ। ਹਰਿਆਣਾ ਸਰਕਾਰ ਇਸ ਸ਼੍ਰੇਣੀ ਦੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਅਤੇ ਸਰਕਾਰੀ ਨੌਕਰੀਆਂ ਦੇ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ : ‘ਟੀਚਰਸ ਡੇ’ ‘ਤੇ ਮਿਨੀ ਸਕੱਤਰੇਤ ਅੰਦਰ ਚੱਲ ਰਿਹਾ ਸਨਮਾਨ ਸਮਾਰੋਹ ਤੇ ਬਾਹਰ ਅਧਿਆਪਕਾਂ ਦਾ ਮੁਜ਼ਾਹਰਾ, ਪੜ੍ਹੋ ਮਾਮਲਾ