ਨਵੀਂ ਦਿੱਲੀ : ਭਾਰਤੀ ਐਥਲੀਟਾਂ ਨੇ ਰਾਸ਼ਟਰਮੰਡਲ ਖੇਡਾਂ-2022 ਦੇ ਟ੍ਰਿਪਲ ਜੰਪ ਮੁਕਾਬਲੇ ਵਿੱਚ ਐਤਵਾਰ ਨੂੰ 2 ਤਮਗੇ ਜਿੱਤੇ। ਬਰਮਿੰਘਮ ਵਿੱਚ ਜਾਰੀ ਰਾਸ਼ਟਰਮੰਡਲ ਖੇਡਾਂ ਦੇ 22ਵੇਂ ਐਡੀਸ਼ਨ ਵਿੱਚ ਭਾਰਤ ਦੇ ਐਲਡੋਜ਼ ਪਾਲ ਅਤੇ ਅਬਦੁੱਲਾ ਅਬੂਬੈਕਰ ਨੇ ਦੇਸ਼ ਲਈ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਮਗੇ ਜਿੱਤੇ। ਅਜਿਹਾ ਇਨ੍ਹਾਂ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਭਾਰਤ ਨੇ ਟ੍ਰਿਪਲ ਜੰਪ ਵਿੱਚ ਟੌਪ-2 ਮੈਡਲ ਆਪਣੇ ਨਾਂ ਕੀਤੇ ਹੋਣ।
ਐਲਡੋਸ ਪਾਲ ਨੇ 17.03 ਮੀਟਰ ਦੀ ਦੂਰੀ ਤੈਅ ਕਰਕੇ ਸੋਨ ਤਮਗਾ ਜਿੱਤਿਆ। ਇਸ ਦੇ ਨਾਲ ਹੀ ਦੂਜੇ ਨੰਬਰ ‘ਤੇ ਅਬਦੁੱਲਾ ਰਿਹਾ, ਜਿਸ ਨੇ 17.02 ਮੀਟਰ ਦੀ ਛਾਲ ਮਾਰੀ। ਪੇਰੀਨਚੇਫ ਨੇ 16.92 ਮੀਟਰ ਦੀ ਦੂਰੀ ਤੈਅ ਕੀਤੀ ਜਦਕਿ ਚੌਥੇ ਨੰਬਰ ਦੇ ਪ੍ਰਵੀਨ ਨੇ 16.89 ਮੀਟਰ ਦੀ ਦੂਰੀ ਤੈਅ ਕੀਤੀ।
ਕੇਰਲ ਦੇ ਰਹਿਣ ਵਾਲੇ 25 ਸਾਲਾ ਐਲਡੋਸ ਨੇ ਆਪਣੀ ਤੀਜੀ ਕੋਸ਼ਿਸ਼ ‘ਚ 17 ਮੀਟਰ ਦਾ ਅੰਕੜਾ ਪਾਰ ਕੀਤਾ ਅਤੇ ਇਸ ਦੇ ਆਧਾਰ ‘ਤੇ ਉਹ ਚੈਂਪੀਅਨ ਬਣਿਆ। ਇਸ ਦੇ ਨਾਲ ਹੀ ਅਬਦੁੱਲਾ ਨੇ ਆਪਣੀ 5ਵੀਂ ਕੋਸ਼ਿਸ਼ ‘ਚ ਇਸ ਜਾਦੂਈ ਅੰਕੜੇ ਨੂੰ ਪਾਰ ਕੀਤਾ ਅਤੇ ਟੌਪ-2 ‘ਚ ਜਗ੍ਹਾ ਬਣਾਈ। ਭਾਰਤ ਦੇ ਕੋਲ ਹੁਣ 16 ਸੋਨ ਤਗਮੇ ਹਨ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ ‘ਚ ਭਾਰਤੀ ਮੁੱਕੇਬਾਜ਼ਾਂ ਦਾ ਡਬਲ ਧਮਾਕਾ, ਅਮਿਤ ਤੇ ਨੀਤੂ ਨੇ ਜਿੱਤੇ ਸੋਨ ਤਮਗੇ
ਦੂਜੇ ਪਾਸੇ ਅੰਨੂ ਰਾਨੀ ਨੇ ਜੈਵਲਿਨ ਥ੍ਰੋ ਵਿੱਚ 60.00 ਦੇ ਥ੍ਰੋਅ ਨਾਲ ਕਾਂਸੀ ਤਮਗਾ ਆਪਣੇ ਨਾਂ ਕੀਤਾ ਅਤੇ ਭਾਰਤ ਦੇ ਸੰਦੀਪ ਕੁਮਾਰ ਨੇ 38:49.21 ਦੇ ਪਰਸਨ ਬੈਸਟ ਟਾਈਮਿੰਗ ਨਾਲ 10 ਹਜ਼ਾਰ ਮੀਟਰ ਰੇਸ ਵਾਕ ਵਿੱਚ ਕਾਂਸੀ ਮੈਡਲ ਜਿੱਤਿਆ। ਸੰਦੀਪ ਤੋਂ ਪਹਿਲਾਂ ਪ੍ਰਿਯੰਕਾ ਗੋਸਵਾਮੀ ਨੇ ਸਿਲਵਰ ਮੈਡਲ ਜਿੱਤਿਆ ਸੀ।
ਵੀਡੀਓ ਲਈ ਕਲਿੱਕ ਕਰੋ -: