ਕੈਨੇਡਾ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਗੈਂਗਸਟਰ ਗੋਲਡੀ ਬਰਾੜ (34) ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਇੱਕ ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ਵਿੱਚ ਭਗੌੜਾ ਕਰਾਰ ਦਿੱਤਾ ਹੈ। ਚੰਡੀਗੜ੍ਹ ਦੇ ਇਕ ਵਪਾਰੀ ਦੀ ਸ਼ਿਕਾਇਤ ‘ਤੇ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਅਦਾਲਤ ਨੇ ਇਸ ਮਾਮਲੇ ਵਿੱਚ ਚੰਡੀਗੜ੍ਹ ਦੇ ਪਿੰਡ ਕਿਸ਼ਨਗੜ੍ਹ ਦੇ ਮਨਜੀਤ ਸਿੰਘ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਹੁਣ ਮਾਮਲੇ ਦੀ ਸੁਣਵਾਈ ਸ਼ੁਰੂ ਹੋਵੇਗੀ। ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 387, 120ਬੀ ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਇਸ ਮਾਮਲੇ ਦੀ ਸੁਣਵਾਈ 29 ਨਵੰਬਰ ਨੂੰ ਹੋਵੇਗੀ।
ਦਰਜ ਕੇਸ ਮੁਤਾਬਕ ਸ਼ਹਿਰ ਦੇ ਵਪਾਰੀ ਨੂੰ ਇਸ ਸਾਲ 25 ਜਨਵਰੀ ਨੂੰ ਵ੍ਹਾਟਸਐਪ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਗੋਲਡੀ ਬਰਾੜ ਵਜੋਂ ਦੱਸੀ ਅਤੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ। ਹਾਲਾਂਕਿ ਕਾਰੋਬਾਰੀ ਨੇ ਕਿਹਾ ਸੀ ਕਿ ਉਹ ਇੰਨੀ ਵੱਡੀ ਰਕਮ ਨਹੀਂ ਦੇ ਸਕਦਾ। ਗੋਲਡੀ ਨੇ ਉਸ ਨੂੰ ਦੁਬਾਰਾ ਫ਼ੋਨ ਕਰਨ ਲਈ ਕਿਹਾ। ਜਦੋਂ ਉਸ ਨੇ ਦੁਬਾਰਾ ਫ਼ੋਨ ਨਹੀਂ ਕੀਤਾ ਤਾਂ ਸ਼ਿਕਾਇਤਕਰਤਾ ਨੂੰ 27 ਜਨਵਰੀ ਨੂੰ ਇੱਕ ਹੋਰ ਫ਼ੋਨ ਆਇਆ।
ਫੋਨ ਕਰਨ ਵਾਲੇ ਨੇ ਕਿਹਾ ਕਿ ਜੇ ਫਿਰੌਤੀ ਦੀ ਰਕਮ ਅਦਾ ਨਾ ਕੀਤੀ ਗਈ ਤਾਂ ਉਸ ਦੇ ਬੱਚਿਆਂ ਨੂੰ ਅਗਵਾ ਕਰ ਲਿਆ ਜਾਵੇਗਾ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ 5 ਲੱਖ ਰੁਪਏ ਦੇ ਸਕਦਾ ਹੈ ਪਰ ਉਸ ‘ਤੇ 25 ਲੱਖ ਰੁਪਏ ਦੇਣ ਲਈ ਦਬਾਅ ਪਾਇਆ ਗਿਆ। ਮੁਲਜ਼ਮ ਨੇ ਕਿਹਾ ਕਿ ਉਸ ਨੂੰ ਇਹ ਰਕਮ 10 ਲੱਖ ਅਤੇ 15 ਲੱਖ ਰੁਪਏ ਦੀਆਂ ਦੋ ਕਿਸ਼ਤਾਂ ਵਿੱਚ ਅਦਾ ਕਰਨੀ ਚਾਹੀਦੀ ਹੈ।
ਸ਼ਿਕਾਇਤਕਰਤਾ ਨੂੰ ਫਰਵਰੀ ਮਹੀਨੇ ਮਨਜੀਤ ਨਾਮ ਦੇ ਮੁਲਜ਼ਮ ਦਾ ਫੋਨ ਆਇਆ ਸੀ। ਉਸ ਨੇ ਖੁਦ ਨੂੰ ਗੈਂਗਸਟਰ ਸੰਪਤ ਨਹਿਰਾ ਦਾ ਰਿਸ਼ਤੇਦਾਰ ਦੱਸਿਆ ਹੈ। ਉਸ ਨੇ ਵਪਾਰੀ ਨੂੰ ਪੰਚਕੂਲਾ ਵਿੱਚ ਮਿਲਣ ਲਈ ਬੁਲਾਇਆ ਸੀ। ਸ਼ਿਕਾਇਤਕਰਤਾ ਨੇ ਮਨਜੀਤ ਸਿੰਘ ਵੱਲੋਂ ਦੱਸੇ ਬੈਂਕ ਖਾਤੇ ਵਿੱਚ 3 ਲੱਖ ਰੁਪਏ ਟਰਾਂਸਫਰ ਕੀਤੇ ਸਨ ਅਤੇ 4 ਲੱਖ ਰੁਪਏ ਨਕਦ ਦਿੱਤੇ ਸਨ। ਇਹ ਰਕਮ ਕਿਸੇ ਹੋਰ ਬੰਦੇ ਦੀ ਮੌਜੂਦਗੀ ਵਿੱਚ ਦਿੱਤੀ ਗਈ ਸੀ।
ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਮਿਲਣ ਮਗਰੋਂ ਮਨਜੀਤ ਸਿੰਘ ਨੂੰ 8 ਫਰਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ, 4 ਜਿੰਦਾ ਕਾਰਤੂਸ, 1 ਸਿਮ ਕਾਰਡ, 2 ਮੋਬਾਈਲ ਫ਼ੋਨ ਬਰਾਮਦ ਹੋਏ ਹਨ।
ਗੋਲਡੀ ਬਰਾੜ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਲਾਰੈਂਸ ਦਾ ਸਾਥੀ ਹੈ। ਗੋਲਡੀ ਨੇ ਕੈਨੇਡਾ ਤੋਂ ਹੀ ਮੂਸੇਵਾਲਾ ਦੇ ਕਤਲ ਦੀ ਯੋਜਨਾ ਬਣਾਈ ਸੀ। ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਵਿੱਚ ਸ਼ਾਰਪ ਸ਼ੂਟਰਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਚੰਡੀਗੜ੍ਹ ਨਾਲ ਸਬੰਧਤ ਮਾਮਲੇ ਵਿੱਚ ਹੁਣ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਤੋਂ ਬਾਅਦ ਹੀ ਕੇਸ ਅੱਗੇ ਵਧੇਗਾ।
ਇਹ ਵੀ ਪੜ੍ਹੋ : ਲੁਧਿਆਣਾ : ਚੋਰ ਹੁਣ ਗੁਰਦੁਆਰਾ ਸਾਹਿਬ ਦੀ ਗੋਲਕ ‘ਤੇ ਕਰਨ ਲੱਗੇ ਹੱਥ ਸਾਫ, ਜਿੰਦਰਾ ਭੰਨ ਅੰਦਰ ਵੜੇ
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਕਿਹਾ ਹੈ ਕਿ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਡੇਰਾ ਪ੍ਰੇਮੀ ਅਤੇ ਬੇਦਬੀ ਮਾਮਲੇ ਦੇ ਮੁਲਜ਼ਮ ਪ੍ਰਦੀਪ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਗੋਲਡੀ ਬਰਾੜ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਬਰਾੜ ਨੇ ਸੋਸ਼ਲ ਮੀਡੀਆ ‘ਤੇ ਪ੍ਰਦੀਪ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਗੋਲਡੀ ਬਰਾੜ ਦਾ ਪਿਤਾ ਪੰਜਾਬ ਪੁਲਿਸ ਵਿੱਚ ਏ.ਐਸ.ਆਈ. ਸੀ, ਹਾਲਾਂਕਿ ਬੇਟੇ ਦੇ ਜੁਰਮਾਂ ਦੇ ਮੱਦੇਨਜ਼ਰ ਉਸ ਨੂੰ ਲਾਜ਼ਮੀ ਸੇਵਾਮੁਕਤੀ ਦੇ ਦਿੱਤੀ ਗਈ ਸੀ। ਗੋਲਡੀ ਦੇ ਚਚੇਰੇ ਭਰਾ ਗੁਰਲਾਲ ਬਰਾੜ ਦਾ 11 ਅਕਤੂਬਰ 2020 ਨੂੰ ਚੰਡੀਗੜ੍ਹ ਇੰਡਸਟਰੀਅਲ ਏਰੀਆ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: