ਸ਼੍ਰੀਲੰਕਾ ਸੰਕਟ: ਰਾਸ਼ਟਰਪਤੀ ਰਾਜਪਕਸ਼ੇ ਸ਼੍ਰੀਲੰਕਾ ਤੋਂ ਭੱਜ ਕੇ ਮਾਲਦੀਵ ਪਹੁੰਚ ਗਏ ਹਨ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਰਾਸ਼ਟਰਪਤੀ ਦੇ ਦੇਸ਼ ਛੱਡਣ ਦੀ ਪੁਸ਼ਟੀ ਕੀਤੀ ਹੈ। ਇਸੇ ਵਿਚਾਲੇ ਕੋਲੰਬੋ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਨੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਅਤੇ ਉਨ੍ਹਾਂ ਦੇ ਭਰਾ ਬਾਸਿਲ ਰਾਜਪਕਸ਼ੇ ਨੂੰ ਦੇਸ਼ ਵਿੱਚੋਂ ਭੱਜਣ ਵਿੱਚ ਮਦਦ ਕੀਤੀ ਸੀ। ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤ ਸ਼੍ਰੀਲੰਕਾ ਦੇ ਲੋਕਾਂ ਦਾ ਸਮਰਥਨ ਜਾਰੀ ਰੱਖੇਗਾ।
ਭਾਰਤੀ ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਟਵੀਟ ਕੀਤਾ, “ਹਾਈ ਕਮਿਸ਼ਨ ਬੇਬੁਨਿਆਦ ਅਤੇ ਕਾਲਪਨਿਕ ਮੀਡੀਆ ਰਿਪੋਰਟਾਂ ਦਾ ਖੰਡਨ ਕਰਦਾ ਹੈ ਕਿ ਭਾਰਤ ਨੇ ਹਾਲ ਹੀ ਵਿੱਚ ਸ੍ਰੀਲੰਕਾ ਤੋਂ ਗੋਟਬਾਯਾ ਰਾਜਪਕਸ਼ੇ ਅਤੇ ਬਾਸਿਲ ਰਾਜਪਕਸ਼ੇ ਦੀ ਯਾਤਰਾ ਦੀ ਸਹੂਲਤ ਦਿੱਤੀ ਸੀ। ਇਹ ਦੁਹਰਾਇਆ ਗਿਆ ਹੈ ਕਿ ਭਾਰਤ ਸ਼੍ਰੀਲੰਕਾ ਦੇ ਲੋਕਾਂ ਦਾ ਸਮਰਥਨ ਜਾਰੀ ਰੱਖੇਗਾ, ਕਿਉਂਕਿ ਉਹ ਲੋਕਤੰਤਰੀ ਸਾਧਨਾਂ ਅਤੇ ਕਦਰਾਂ-ਕੀਮਤਾਂ, ਸਥਾਪਤ ਜਮਹੂਰੀ ਸੰਸਥਾਵਾਂ ਅਤੇ ਸੰਵਿਧਾਨਕ ਢਾਂਚੇ ਰਾਹੀਂ ਖੁਸ਼ਹਾਲੀ ਅਤੇ ਤਰੱਕੀ ਦੀਆਂ ਆਪਣੀਆਂ ਇੱਛਾਵਾਂ ਨੂੰ ਸਾਕਾਰ ਕਰਨਾ ਚਾਹੁੰਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਬੁੱਧਵਾਰ ਤੜਕੇ ਦੇਸ਼ ਛੱਡ ਕੇ ਭੱਜ ਗਏ ਸਨ। ਰਿਪੋਰਟਾਂ ਮੁਤਾਬਕ ਇਕ ਇਮੀਗ੍ਰੇਸ਼ਨ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਰਾਸ਼ਟਰਪਤੀ, ਉਨ੍ਹਾਂ ਦੀ ਪਤਨੀ ਅਤੇ ਦੋ ਸੁਰੱਖਿਆ ਕਰਮਚਾਰੀ ਸ਼੍ਰੀਲੰਕਾ ਦੀ ਹਵਾਈ ਸੈਨਾ ਦੇ ਜਹਾਜ਼ ਵਿਚ ਸਵਾਰ ਹੋ ਕੇ ਮਾਲਦੀਵ ਦੀ ਰਾਜਧਾਨੀ ਮਾਲੇ ਲਈ ਰਵਾਨਾ ਹੋਏ।
ਰਾਸ਼ਟਰਪਤੀ ਰਾਜਪਕਸ਼ੇ ਨੇ 13 ਜੁਲਾਈ ਨੂੰ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਹੁਣ ਉਨ੍ਹਾਂ ਦੇ ਦੇਸ਼ ਤੋਂ ਭੱਜਣ ਤੋਂ ਬਾਅਦ ਉਨ੍ਹਾਂ ਦੇ ਅਸਤੀਫੇ ‘ਤੇ ਵੀ ਸਵਾਲ ਉੱਠਣ ਲੱਗੇ ਹਨ। ਹਾਲਾਂਕਿ ਮੰਗਲਵਾਰ ਨੂੰ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਰਾਜਪਕਸ਼ੇ ਨੇ ਆਪਣੇ ਅਸਤੀਫੇ ‘ਤੇ ਦਸਤਖਤ ਕਰ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: