ਪੰਜਾਬ ਸਰਕਾਰ ਵੱਲੋਂ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ। ਭਾਰਤੀ ਖੁਰਾਕ ਨਿਗਮ ਵੱਲੋਂ ਸਾਲ 2022-23 ਲਈ ਕਣਕ ਦੀ ਐੱਮਐੱਸਪੀ 2015 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਗਈ ਹੈ ਪਰ ਬਾਜ਼ਾਰ ਵਿੱਚ ਕਣਕ ਦੇ ਭਾਅ 2300 ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਗਏ ਹਨ।
ਪੰਜਾਬ ਵਿਚ ਇਸ ਵਾਰ ਕਣਕ ਦੀ ਪੈਦਾਵਾਰ 175 ਲੱਖ ਮੀਟਰਕ ਟਨ ਹੋਣ ਦੇ ਆਸਾਰ ਹਨ ਜਿਸ ’ਚੋਂ 132 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਰੱਖਿਆ ਗਿਆ ਹੈ। ਇਸ ਵਾਰ ਕਣਕ ਦੀ ਮੰਗ ਵੱਧ ਹੈ ਜਦੋਂ ਕਿ ਪੈਦਾਵਾਰ ਘੱਟ ਹੋਣ ਦਾ ਅਨੁਮਾਨ ਹੈ। ਅਜਿਹੇ ਵਿਚ ‘ਆਪ’ ਸਰਕਾਰ ਨੂੰ ਕਣਕ ਦੀ ਖਰੀਦ ਵਿਚ ਕੋਈ ਖਾਸ ਮੁਸ਼ਕਲ ਪੇਸ਼ ਨਹੀਂ ਆਏਗੀ ਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਆਪਣੇ ਕਾਰਜਕਾਲ ਦੀ ਪਹਿਲੀ ਫਸਲ ਚੁਕਾਉਣੀ ਆਸਾਨ ਸਾਬਤ ਹੋਵੇਗੀ।
ਫ਼ਸਲ ਦੀ ਰੋਜ਼ਾਨਾ ਬੋਲੀ ਦਾ ਸਮਾਂ 10 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਤੈਅ ਕੀਤਾ ਗਿਆ ਹੈ। ਜੇ ਕਿਸੇ ਢੇਰੀ ਦੀ ਬੋਲੀ ਨਹੀਂ ਲਗਾਈ ਜਾਂਦੀ ਹੈ ਤਾਂ ਬੋਲੀ ਨਾ ਲਗਾਏ ਜਾਣ ਦਾ ਕਾਰਨ ਵੀ ਪੀਜੀ-1 ਰਜਿਸਟਰ ਵਿਚ ਦੇਣਾ ਲਾਜ਼ਮੀ ਹੋਵੇਗਾ। ਇਸੇ ਤਰ੍ਹਾਂ ਬਾਰਦਾਨਾ ਕਾਮਨ ਪੂਲ ਵਿਚ ਰੱਖਿਆ ਜਾਣਾ ਹੈ ਅਤੇ ਕਿਸੇ ਵੀ ਮੰਡੀ ਨੂੰ ਇੱਕ ਦਿਨ ਤੋਂ ਵੱਧ ਦਾ ਬਾਰਦਾਨਾ ਨਹੀਂ ਦਿੱਤਾ ਜਾਵੇਗਾ। ਖ਼ਰੀਦ ਕੇਂਦਰਾਂ ’ਚੋਂ ਫ਼ਸਲ ਦੀ ਚੁਕਾਈ 72 ਘੰਟੇ ਵਿਚ ਹੋਵੇਗੀ ਅਤੇ ਕਿਸਾਨਾਂ ਨੂੰ ਵੇਚੀ ਫ਼ਸਲ ਦੀ ਅਦਾਇਗੀ ਆਨਲਾਈਨ ਹੋਵੇਗੀ। ਖ਼ਰੀਦੀ ਗਈ ਕਣਕ ਨੂੰ ਭੰਡਾਰ ਕਰਨ ਬਾਰੇ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ, ਚੰਡੀਗੜ੍ਹ ‘ਚ ਕੇਂਦਰੀ ਨਿਯਮ ਲਾਗੂ ਕਰਨ ਖਿਲਾਫ਼ ਮਤਾ ਲਿਆਏਗੀ ਮਾਨ ਸਰਕਾਰ
ਕਣਕ ਦੀ ਸਰਕਾਰੀ ਖ਼ਰੀਦ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਕੇ 31 ਮਈ ਤੱਕ ਚੱਲੇਗੀ। ਪੰਜਾਬ ਭਰ ਵਿਚ 1862 ਖ਼ਰੀਦ ਕੇਂਦਰ ਬਣਾਏ ਗਏ ਹਨ। ਖ਼ਰੀਦ ਏਜੰਸੀਆਂ ਨੂੰ ਖ਼ਰੀਦ ਕੇਂਦਰਾਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ। ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਅੱਜ ਜਾਰੀ ਪਾਲਿਸੀ ਅਨੁਸਾਰ ਸੂਬਾਈ ਖ਼ਰੀਦ ਏਜੰਸੀਆਂ ’ਚੋਂ ਸਭ ਤੋਂ ਵੱਧ ਪਨਗਰੇਨ 25.50 ਫ਼ੀਸਦੀ ਕਣਕ ਖ਼ਰੀਦ ਕਰੇਗੀ ਜਦੋਂ ਕਿ ਮਾਰਕਫੈੱਡ ਨੇ 24 ਫ਼ੀਸਦੀ ਕਣਕ ਦੀ ਖ਼ਰੀਦ ਕਰਨੀ ਹੈ। ਇਸੇ ਤਰ੍ਹਾਂ ਪਨਸਪ 23.50 ਫ਼ੀਸਦੀ ਅਤੇ ਵੇਅਰਹਾਊਸ 14.40 ਫ਼ੀਸਦੀ ਕਣਕ ਦੀ ਖ਼ਰੀਦ ਕਰੇਗਾ। ਪਹਿਲੀ ਅਪਰੈਲ ਤੋਂ ਖ਼ਰੀਦ ਕੇਂਦਰਾਂ ਵਿਚ ਸਰਕਾਰੀ ਖ਼ਰੀਦ ਸ਼ੁਰੂ ਹੋ ਜਾਵੇਗੀ।