ਅਫਗਾਨਿਸਤਾਨ ਦਾ ਮਜ਼ਾਰ-ਏ-ਸ਼ਰੀਫ ਸ਼ਹਿਰ ਇਕ ਵਾਰ ਫਿਰ ਬੰਬ ਧਮਾਕੇ ਨਾਲ ਹਿੱਲ ਗਿਆ। ਇਸ ਬੰਬ ਧਮਾਕੇ ਵਿੱਚ ਤਾਲਿਬਾਨੀ ਗਵਰਨਰ ਸਣੇ 3 ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਬੰਬ ਧਮਾਕੇ ਵਿੱਚ 3 ਮੌਤਾਂ ਦੀ ਪੁਸ਼ਟੀ ਤਾਲਿਬਾਨ ਪੁਲਿਸ ਦੇ ਬੁਲਾਰੇ ਨੇ ਵੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਬੰਬ ਧਮਾਕਾ ਰਾਜਪਾਲ ਦੇ ਦਫ਼ਤਰ ਵਿੱਚ ਹੋਇਆ।
ਤਾਲਿਬਾਨ ਦੇ ਸਥਾਨਕ ਪੁਲਿਸ ਮੁਖੀ ਦੇ ਬੁਲਾਰੇ ਮੁਹੰਮਦ ਆਸਿਫ ਵਜ਼ੀਰੀ ਮੁਤਾਬਕ ਮਜ਼ਾਰ-ਏ-ਸ਼ਰੀਫ ਸ਼ਹਿਰ ‘ਚ ਗਵਰਨਰ ਦੇ ਦਫਤਰ ‘ਚ ਹੋਏ ਬੰਬ ਧਮਾਕੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਗਵਰਨਰ ਮੁਹੰਮਦ ਦਾਊਦ ਮੁਜ਼ੱਮਿਲ ਨੂਰਜ਼ਈ ਅਤੇ 2 ਹੋਰ ਸ਼ਾਮਲ ਹਨ। ਅਜੇ ਤੱਕ ਕਿਸੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਦੱਸ ਦੇਈਏ ਕਿ ਤਾਲਿਬਾਨ ਨੇ ਅਗਸਤ 2021 ‘ਚ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਸੀ। ਉਦੋਂ ਤੋਂ ਅਫਗਾਨਿਸਤਾਨ ਵਿੱਚ ਇਸਲਾਮਿਕ ਸਟੇਟ ਖੁਰਾਸਾਨ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਹ ਸੰਗਠਨ ਸੁਰੱਖਿਆ ਬਲਾਂ ਅਤੇ ਸ਼ੀਆ ਘੱਟ ਗਿਣਤੀਆਂ ਨੂੰ ਵੀ ਲਗਾਤਾਰ ਨਿਸ਼ਾਨਾ ਬਣਾਉਂਦਾ ਆ ਰਿਹਾ ਹੈ।
ਅਫਗਾਨਿਸਤਾਨ ਦੇ ਸੱਤਾਧਾਰੀ ਤਾਲਿਬਾਨ ਨੇ ਵੀ ਪਿਛਲੇ ਦਿਨੀਂ ਇਸਲਾਮਿਕ ਸਟੇਟ ਖੁਰਾਸਾਨ ਸੂਬੇ ‘ਤੇ ਵੱਡੀ ਕਾਰਵਾਈ ਕੀਤੀ ਸੀ। ਤਾਲਿਬਾਨ ਨੇ ਆਈਐਸਕੇਪੀ ਦੇ ਯੁੱਧ ਮੰਤਰੀ ਅਤੇ ਮਿਲਟਰੀ ਚੀਫ਼ ਕਾਰੀ ਫਤਿਹ ਨੂੰ ਮਾਰ ਦਿੱਤਾ। ਕਾਰੀ ਫਤਿਹ ਨੂੰ ਮਈ 2022 ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨਿਗਰਾਨੀ ਸਮੂਹ ਦੁਆਰਾ ISKP ਦੇ ਫੌਜੀ ਮੁਖੀ ਵਜੋਂ ਸੂਚੀਬੱਧ ਕੀਤਾ ਗਿਆ ਸੀ।
ਫਤਿਹ ਆਈਐਸਕੇਪੀ ਲਈ ਰਣਨੀਤੀ ਬਣਾਉਂਦਾ ਸੀ। ਉਸ ਨੇ ਹਾਲ ਹੀ ਵਿੱਚ ਕਾਬੁਲ ਵਿੱਚ ਰੂਸ, ਪਾਕਿਸਤਾਨ ਅਤੇ ਚੀਨ ਦੇ ਦੂਤਾਵਾਸ ਉੱਤੇ ਹਮਲੇ ਦੀ ਸਾਜ਼ਿਸ਼ ਰਚੀ ਸੀ। ਕਾਰੀ ਤੁਫੈਲ ਉਰਫ਼ ਫਤਿਹ ਨੰਗਰਹਾਰ ਵਿੱਚ ਆਈਐਸਕੇਪੀ ਦੇ ਕੰਟਰੋਲ ਦੌਰਾਨ ਪੂਰਬੀ ਸੈਕਟਰ ਦਾ ਕਮਾਂਡਰ ਸੀ। ਹਾਲ ਹੀ ‘ਚ ਟੀਮ ਨੇ ਆਪਣੀ ਰਣਨੀਤੀ ਬਦਲ ਕੇ ਕਾਰੀ ਫਤਿਹ ਨੂੰ ਖੁਫੀਆ ਵਿਭਾਗ ਦਾ ਮੁਖੀ ਬਣਾਇਆ ਸੀ।
ਇਹ ਵੀ ਪੜ੍ਹੋ : 24 ਫਰਵਰੀ ਨੂੰ ਮੁਲਤਵੀ 12ਵੀਂ ਦੇ ਪੇਪਰ ਦੀ ਨਵੀਂ ਤਰੀਕ ਦਾ ਐਲਾਨ, PSEB ਨੇ ਡੇਟਸ਼ੀਟ ‘ਚ ਕੀਤਾ ਬਦਲਾਅ
ਦੱਸ ਦਈਏ ਕਿ ਪਿਛਲੇ ਸਾਲ ਅਪ੍ਰੈਲ 2022 ‘ਚ ਉੱਤਰੀ ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਸ਼ਹਿਰ ਦੀ ਇਕ ਮਸਜਿਦ ‘ਚ ਵੱਡਾ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਧਮਾਕੇ ਵਿਚ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਮਜ਼ਾਰ-ਏ-ਸ਼ਰੀਫ ਦੇ ਤਾਲਿਬਾਨ ਕਮਾਂਡਰ ਦੇ ਬੁਲਾਰੇ ਆਸਿਫ ਵਜ਼ੀਰੀ ਨੇ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: