ਚੰਡੀਗੜ੍ਹ: ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮ ਲੰਮੇ ਚਿਰ ਤੋਂ ਖੁਦ ਨੂੰ ਪੱਕਾ ਕਰਨ ਦੀ ਮੰਗ ਕਰ ਰਹੇ ਹਨ। ਪਿਛਲੀ ਕਾਂਗਰਸ ਸਰਕਾਰ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੀ ਇਹ ਮੰਗ ਅਜੇ ਤੱਕ ਪ੍ਰਵਾਨ ਨਹੀਂ ਚੜ੍ਹੀ ਤੇ ਹੁਣ ਫਿਰ ਇਹ ਕੱਚੇ ਬੱਸ ਮੁਲਾਜ਼ਮ ਪੰਜਾਬ ਵਿੱਚ ਚੱਕਾ ਜਾਮ ਕਰਨ ਦੀ ਤਿਆਰੀ ਵਿੱਚ ਹਨ।
ਅੱਜ ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਨੇ ਕਿਹਾ ਕਿ ਸਾਡੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਅਸੀਂ 2007 ਤੋਂ ਆਊਟਸੋਰਸ ਕੰਮ ਕਰ ਰਹੇ ਹਾਂ, ਪਰ ਅਜੇ ਤੱਕ ਕਿਤੇ ਪੱਕਾ ਨਹੀਂ ਕੀਤਾ ਗਿਆ। ਸਾਡੇ ਟੈਸਟ ਲਏ ਗਏ, ਸਾਨੂੰ ਠੋਸ ਨੰਬਰ ਮਿਲੇ ਪਰ ਸਾਨੂੰ ਰੈਗੂਲਰ ਨਹੀਂ ਕੀਤਾ ਗਿਆ ਤੇ ਇਸ ਲਈ ਅਸੀਂ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹੋ ਚੁੱਕੇ ਹਾਂ।
ਕੱਚੇ ਮੁਲਾਜ਼ਮਾਂ ਨੇ ਕਿਹਾ ਕਿ ਸਾਡੀਆਂ ਬੱਸਾਂ ਵਿੱਚ 52 ਸਵਾਰੀਆਂ ਚੜ੍ਹੀਆਂ ਜਾ ਸਕਦੀਆਂ ਹਨ ਪਰ ਸਾਨੂੰ ਮਜਬੂਰੀ ਵਿੱਚ ਇੱਕ ਬੱਸ ਵਿੱਚ 100 ਤੋਂ ਵੱਧ ਸਵਾਰੀ ਚੜ੍ਹਾਉਣੀਆਂ ਪੈਂਦੀਆਂ ਹਨ। ਜੇ ਅਸੀਂ ਕੋਈ ਸਵਾਰੀ ਨਹੀਂ ਚੁੱਕਦੇ ਤਾਂ ਸਾਡੇ ‘ਤੇ ਕਾਰਵਾਈ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ 35000 ਮੁਲਾਜ਼ਮ ਪੱਕੇ ਕਰਨ ਦੀ ਗੱਲ ਕਹੀ ਹੈ ਪਰ ਉਨ੍ਹਾਂ ਵਿੱਚ ਕੌਣ-ਕੌਣ ਪੱਕਾ ਹੋਵੇਗਾ ਇਸ ਗੱਲ ਦਾ ਪਤਾ ਨਹੀਂ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ 2018 ਵਿੱਚ ਹੀ ਪੱਕੇ ਕਰਨਾ ਸੀ, ਜੋ ਅੱਜ ਤੱਕ ਨਹੀਂ ਕੀਤਾ ਗਿਆ। ਸਾਡੇ ‘ਤੇ ਕੋਈ ਕਾਨੂੰਨੀ ਰੋਕ ਨਹੀਂ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਬੱਸ ਮੁਲਾਜ਼ਮਾਂ ਨੇ ਕਿਹਾ ਕਿ ਸਾਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਸਰਕਾਰ ਨੂੰ ਇਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ ਤੇ ਸਾਡੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਧਰਨਾ ਦੇਣ ਲਈ ਮਜਬੂਰ ਹੋਵਾਂਗੇ। ਉਨ੍ਹਾਂ ਕਿਹਾ ਸਰਕਾਰ ਦੇ ਐਮ.ਐਲ.ਏ. ਦਾ ਘਿਰਾਓ ਕੀਤਾ ਜਾਵੇਗਾ।
ਆਪਣੀਆਂ ਮੰਗਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਨਵੇਂ ਡਰਾਈਵਰਾਂ ਦੀ ਭਰਤੀ ਕੀਤੀ ਜਾਵੇ, ਜਿਨ੍ਹਾਂ ਡਰਾਈਵਰਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਨ੍ਹਾਂ ਨੂੰ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਅੱਜ ਮੁਫਤ ਬੱਸ ਸਫਰ ਕਰਕੇ ਟਰਾਂਸਪੋਰਟ ਘਾਟੇ ਵਿੱਚ ਜਾ ਰਿਹਾ ਹੈ ਇਸ ਕਰਕੇ ਸੰਬੰਧਤ ਵਿਭਾਗ ਨੂੰ ਸਾਡੇ ਵਿਭਾਗ ਦਾ ਪੈਸੇ ਦੇਣੇ ਚਾਹੀਦੇ ਹਨ ਤਾਂਜੋ ਇਸ ਘਾਟੇ ਨੂੰ ਪੂਰਾ ਕੀਤਾ ਜਾ ਸਕੇ।