ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਖਾਲਿਸਤਾਨ ਸਮਰਥਕਾਂ ਦੇ ਨਾਲ ਸਬੰਧ ਹੋਣ ਦਾ ਦੋਸ਼ ਲਾਉਣ ਵਾਲੇ ਕਵੀ ਕੁਮਾਰ ਵਿਸ਼ਵਾਸ ਨੂੰ ਕੇਂਦਰ ਸਰਕਾਰ ਨੇ ਸੀ.ਆਰ.ਪੀ.ਐੱਫ. ਕਵਰ ਦੇ ਨਾਲ ਵਾਈ ਕੈਟਾਗਰੀ ਦੀ ਸੁਰੱਖਿਆ ਦਿੱਤੀ ਹੈ।
ਦਰਅਸਲ ਦੇਸ਼ ਦੇ ਮਸ਼ਹੂਰ ਕਵੀਰ ਕੁਮਾਰ ਵਿਸ਼ਵਾਸ ਨੇ ਬੁੱਧਵਾਰ ਨੂੰ ਆਪਣੇ ਸਾਬਕਾ ਸਾਥੀ ਅਰਵਿੰਦ ਕੇਜਰੀਵਾਲ ‘ਤੇ ਵੱਡਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਸੀ ਕਿ ਕੇਜਰੀਵਾਲ ਪੰਜਾਬ ਵਿੱਚ ਵੱਖਵਾਦੀਆਂ ਦੇ ਸਮਰਥਕ ਸਨ। ਕੁਮਾਰ ਨੇ ਕਿਹਾ ਕਿ ਕੇਜਰੀਵਾਲ ਨੇ ਇੱਕ ਵਾਰ ਉਨ੍ਹਾਂ ਨੂੰ ਕਿਹਾ ਸੀ ਕਿ ਜਾਂ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਜਾਂ ਆਜ਼ਾਦ ਰਾਸ਼ਟਰ ਖਾਲਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ।
ਵਿਸ਼ਵਾਸ ਨੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਨੂੰ ਵੱਖਵਾਦੀਆਂ ਦੀ ਮਦਦ ਲੈਣ ਵਿੱਚ ਵੀ ਕੋਈ ਪਰਹੇਜ਼ ਨਹੀਂ ਹੈ। ਪੰਜਾਬ ਵਿੱਚ ਕੋਈ ਰਾਜ ਨਹੀਂ ਹੈ। ਪੰਜਾਬ ਇੱਕ ਭਾਵਨਾ ਹੈ। ਪੂਰੀ ਦੁਨੀਆ ਵਿੱਚ ਪੰਜਾਬੀਅਤ ਇੱਕ ਭਾਵਨਾ ਹੈ। ਅਜਿਹੇ ਵਿੱਚ ਇੱਕ ਅਜਿਹਾ ਆਦਮੀ ਜਿਸ ਨੂੰ ਇੱਕ ਸਮੇਂ ਮੈਂ ਇਹ ਤੱਕ ਕਿਹਾ ਸੀ ਕਿ ਵੱਖਵਾਦੀਆਂ ਦਾ ਸਾਥ ਨਾ ਲਓ, ਤਾਂ ਉਨ੍ਹਾਂ ਕਿਹਾ ਸੀ ਕਿ ਨਹੀਂ-ਨਹੀਂ ਹੋ ਜਾਏਗਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਉਨ੍ਹਾਂ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਨੇ ਖੁਦ ਦੇ ਮੁੱਖ ਮੰਤਰੀ ਬਣਨ ਦਾ ਫਾਰਮੂਲਾ ਵੀ ਦੱਸਿਆ ਸੀ। ਉਸ ਵੇਲੇ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਭਗਵੰਤ ਮਾਨ ਤੇ ਐੱਚ.ਐੱਸ. ਫੂਲਕਾ ਨੂੰ ਲੜਵਾ ਦਿਆਂਗਾ ਤੇ ਮੈਂ ਪਹੁੰਚ ਜਾਵਾਂਗਾ। ਅੱਜ ਵੀ ਉਹ ਇਸੇ ਰਾਹ ‘ਤੇ ਹਨ। ਕੁਮਾਰ ਵਿਸ਼ਵਾਸ ਨੇ ਅੱਗੇ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਇੱਕ ਦਿਨ ਆਜ਼ਾਦ ਸੂਬੇ ਦਾ ਮੁੱਖ ਮੰਤਰੀ ਬਣਾਂਗਾ। ਜਦੋਂ ਮੈਂ ਵੱਖਵਾਦ ਦੀ ਗੱਲ ਕਹੀ ਤਾਂ ਉਨ੍ਹਾਂ ਕਿਹਾ ਕਿ ਤਾਂ ਕੀ ਹੋ ਗਿਆ ਜੇ ਅਜਿਹਾ ਹੁੰਦਾ ਤਾਂ ਆਜ਼ਾਦ ਦੇਸ਼ ਦਾ ਪ੍ਰਧਾਨ ਮੰਤਰੀ ਬਣਾਂਗਾ।
ਕੁਮਾਰ ਵਿਸ਼ਵਾਸ ਨੂੰ ਮਿਲੀ ਸੁਰੱਖਿਆ ਵਿੱਚ ਸੀ.ਆਰ.ਪੀ.ਐੱਫ. ਦੇ ਕੁਲ 11 ਜਵਾਨ ਮੌਜੂਦ ਰਹਿਣਗੇ। ਇਸ ਵਿੱਚ ਪੀ.ਐੱਸ.ਓ. ਯਾਨੀ ਨਿੱਜੀ ਸੁਰੱਖਿਆ ਗਾਰਡ ਹੋਣਗੇ। ਦੱਸ ਦੇਈਏ ਕਿ ਗ੍ਰਹਿ ਮੰਤਰਾਲਾ ਕਿਸੇ ਵਿਸ਼ੇਸ਼ ਵਿਅਕਤੀ ਦੀ ਸੁਰੱਖਿਆ ਦਾ ਮੁਲਾਂਕਣ ਕਰਦੀ ਹੈ ਤੇ ਉਸੇ ਦੇ ਆਧਾਰ ‘ਤੇ ਉਸ ਨੂੰ ਸੁਰੱਖਿਆ ਕਵਰ ਦਿੱਤਾ ਜਾਂਦਾ ਹੈ। ਦੇਸ਼ ਵਿੱਚ ਦਿੱਤੀ ਜਾਣ ਵਾਲੀ ਸੁਰੱਖਿਆ ਵਿੱਚ ਸਭ ਤੋਂ ਉਪਰ ਜ਼ੈੱਡ ਪਲੱਸ ਸੁਰੱਖਿਆ ਆਉਂਦੀ ਹੈ ਜਦਕਿ ਇਸ ਪਿੱਛੋਂ ਜ਼ੈੱਡ, ਵਾਈ ਤੇ ਐਕਸ ਸ਼੍ਰੇਣੀ ਦੀਆਂ ਸੁਰੱਖਿਆਵਾਂ ਦਿੱਤੀਆਂ ਜਾਂਦੀਆਂ ਹਨ।