ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਵਿਆਹ ਲਈ ਸ਼ਨੀਵਾਰ ਨੂੰ ਪਟਿਆਲਾ ਦੇ ਇੱਕ ਨਿੱਜੀ ਪੈਲੇਸ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਰੱਖੀ ਗਈ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਵੀਂ ਵਿਆਹੀ ਜੋੜੀ ਨੂੰ ਵਧਾਈ ਦੇਣ ਪਹੁੰਚੇ।
ਇਨ੍ਹਾਂ ਤੋਂ ਇਲਾਵਾ ‘ਆਪ’ ਦੇ ਸੀਨੀਅਰ ਆਗੂ ਸੰਜੇ ਸਿੰਘ, ਸੀ.ਐੱਮ. ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ, ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਆਦਿ ਪੁੱਜੇ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਹੀ ‘ਆਪ’ ਵਿਧਾਇਕਾ ਨਰਿੰਦਰ ਕੌਰ ਭਾਰਜ ਦਾ ਵਿਆਹ ਪਾਰਟੀ ਵਰਕਰ ਮਨਦੀਪ ਸਿੰਘ ਲੱਖੇਵਾਲ ਨਾਲ ਹੋਇਆ ਸੀ।
ਮਨਦੀਪ ਸਿੰਘ ਨੇ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੀ ਅਤੇ ਸੰਗਰੂਰ ਹਲਕੇ ਤੋਂ ਪਹਿਲੀ ਮਹਿਲਾ ਵਿਧਾਇਕਾ ਭਰਾਜ ਦੀ ਚੋਣ ਮੁਹਿੰਮ ਦੀ ਕਮਾਨ ਸੰਭਾਲੀ ਸੀ। ਮਨਦੀਪ ਲੱਖੇਵਾਲ ਦੇ ਦਾਦਾ ਮੁਖਤਿਆਰ ਸਿੰਘ ਲੱਖੇਵਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਲਈ ਕਾਫੀ ਸੰਘਰਸ਼ ਕੀਤਾ ਸੀ।
ਦੂਜੇ ਪਾਸੇ ਭਰਾਜ ਨੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕੀਤੀ ਹੈ। ਉਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਵਿਜੇਇੰਦਰ ਸਿੰਗਲਾ ਨੂੰ ਹਰਾਇਆ ਸੀ।