ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੀ ਪਾਰਟੀ ਪੀਐੱਲਸੀ ਤੇ ਭਾਜਪਾ ਚਾਰ ਨਗਰ ਨਿਗਮਾਂ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਲਈ ਹੋਣ ਵਾਲੀਆਂ ਚੋਣਾਂ ਸਾਂਝੇ ਤੌਰ ’ਤੇ ਲੜਣਗੀਆਂ। ਕੈਪਟਨ ਨੇ ਕਿਹਾ ਸੀ ਕਿ ਸਾਲ 2024 ਦੀਆਂ ਆਮ ਚੋਣਾਂ ਦੇਸ਼ ਲਈ ਅਹਿਮ ਹਨ। ਉਨ੍ਹਾਂ ਕਿਹਾ ਕਿ ਦੇਸ਼ ‘ਚ ਸਥਿਰ ਅਤੇ ਮਜ਼ਬੂਤ ਸਰਕਾਰ ਦੀ ਲੋੜ ਹੈ।
ਪਰ ਇਸ ‘ਤੇ ਹੁਣ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਪ੍ਰਤੀਕਿਰਿਆ ਦਿੱਤੀ ਹੈ ਤੇ ਨਾਲ ਹੀ ਕੈਪਟਨ ਅਮਰਿੰਦਰ ਨੂੰ ਵੱਡਾ ਝਟਕਾ ਵੀ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ ਕਿਸੇ ਨਾਲ ਗਠਜੋੜ ਨਹੀਂ ਕਰਾਂਗੇ ਤੇ ਇਕੱਲੇ ਆਪਣੇ ਦਮ ‘ਤੇ ਹੀ ਚੋਣ ਲੜਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਹੈ।
ਭਾਜਪਾ ਆਗੂ ਗਰੇਵਾਲ ਨੇ ਬਿਆਨ ਦਿੱਤਾ ਹੈ ਕਿ ਕੈਪਟਨ ਸਾਹਿਬ ਜੋ ਮਰਜ਼ੀ ਕਹੀ ਜਾਣ, ਸਾਡਾ ਫੈਸਲਾ ਹੋ ਗਿਆ ਹੈ। ਭਾਜਪਾ ਹੁਣ ਆਪਣੇ ਰਸਤੇ ‘ਤੇ ਚੱਲੇਗੀ, ਕੱਲ੍ਹ ਸਾਡੇ ਰਾਸ਼ਟਰੀ ਸੰਗਠਨ ਮੰਤਰੀ ਬੀ.ਐੱਲ. ਸੰਤੋਸ਼ ਆਏ ਸਨ ਅਤੇ ਉਨ੍ਹਾਂ ਨਾਲ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅਗਲੀਆਂ ਨਿਗਮ ਚੋਣਾਂ ਅਤੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਵਿਚ ਜਨਤਾ ਦੇ ਵਿਚਕਾਰ ਜਾਵੇਗੀ। ਲੋਕ ਹੁਣ ਸਮਝ ਚੁੱਕੇ ਹਨ ਅਤੇ ਭਾਜਪਾ ਦਾ ਸਾਥ ਦੇਣਗੇ।
ਵੀਡੀਓ ਲਈ ਕਲਿੱਕ ਕਰੋ -: