ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕਈ ਖੇਤਰਾਂ ਵਿੱਚ ਵਿਕਾਸ ਹੋ ਰਿਹਾ ਹੈ। ਇਸ ਦੌਰਾਨ ਮਾਨ ਸਰਕਾਰ ਦੀ ਅਗਵਾਈ ‘ਚ 6 ਮਹੀਨਿਆਂ ‘ਚ ਰਿਕਾਰਡ ਪੱਧਰ ‘ਤੇ ਸਰਵਿਸ ਐਂਡ ਗੁਡਸ ਟੈਕਸ (ਜੀ.ਐੱਸ.ਟੀ.) ਦੀ ਵਸੂਲੀ ਹੋਈ ਹੈ। ਪੰਜਾਬ ਸਰਕਾਰ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਨੇ ਚਾਲੂ ਵਿੱਤੀ ਸਾਲ ਦੌਰਾਨ ਜੀਐਸਟੀ ਵਜੋਂ 10,604 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਨਾਲ ਸੂਬੇ ਵੱਲੋਂ ਜੀਐਸਟੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਛੇ ਮਹੀਨਿਆਂ ਵਿੱਚ 10 ਹਜ਼ਾਰ ਦਾ ਅੰਕੜਾ ਪਾਰ ਹੋਇਆ ਹੈ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਦੌਰਾਨ ਦੱਸਿਆ ਕਿ ਚਾਲੂ ਮਾਲੀ ਸਾਲ ਦੌਰਾਨ ਸੂਬੇ ਨੇ ਜੀ.ਐੱਸ.ਟੀ. ਕੁਲੈਕਸ਼ਨ ਵਿੱਚ 22.6 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ 8,650 ਕਰੋੜ ਰੁਪਏ ਦਾ ਜੀ.ਐੱਸ.ਟੀ. ਇਕੱਠਾ ਕੀਤਾ ਗਿਆ ਸੀ। ਜਦੋਂਕਿ ਚਾਲੂ ਸਾਲ ਦੌਰਾਨ ਰਾਜ ਨੇ ਜੀਐਸਟੀ ਵਸੂਲੀ ਨਾਲ ਕੁੱਲ 10,604 ਕਰੋੜ ਰੁਪਏ ਅਤੇ 1954 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਸਤੰਬਰ 2022 ਦੇ ਜੀ.ਐੱਸ.ਟੀ. ਅੰਕੜਿਆਂ ਦਾ ਖੁਲਾਸਾ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੇ 22 ਫੀਸਦੀ ਦੀ ਵਿਕਾਸ ਦਰ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਸਤੰਬਰ 2021 ਵਿੱਚ ਕੁੱਲ 1402 ਕਰੋੜ ਰੁਪਏ ਦੀ ਕੁਲ ਕੁਲੈਕਸ਼ਨ ਦੇ ਮੁਕਾਬਲੇ ਇਸ ਸਾਲ ਸਤੰਬਰ ਵਿੱਚ ਜੀਐਸਟੀ ਦੀ ਕੁੱਲ ਵਸੂਲੀ 1710 ਕਰੋੜ ਰੁਪਏ ਸੀ। ਪੰਜਾਬ ਦੇ ਵਿੱਤ ਮੰਤਰੀ ਨੇ ਇਸ ਦੌਰਾਨ ਇਹ ਵੀ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿੱਤੀ ਸਾਲ 2022-23 ਲਈ ਆਪਣੇ ਪਹਿਲੇ ਬਜਟ ਵਿੱਚ 20,550 ਕਰੋੜ ਰੁਪਏ ਦੀ ਜੀਐਸਟੀ ਵਸੂਲੀ ਦਾ ਅਨੁਮਾਨ ਲਗਾਇਆ ਹੈ।
ਇਹ ਵੀ ਪੜ੍ਹੋ : BSF ਵੱਲੋਂ PAK ਦੀ ਇੱਕ ਹੋਰ ਸਾਜ਼ਿਸ਼ ਨਾਕਾਮ, ਸਰਹੱਦ ਤੋਂ ਫੜੇ ਡਰੱਗਸ, ਕਾਰਤੂਸ ਤੇ ਬਾਰੂਦ
ਵਿੱਤ ਮੰਤਰੀ ਨੇ ਦੱਸਿਆ ਕਿ ਪਹਿਲੇ ਛੇ ਮਹੀਨਿਆਂ ਵਿੱਚ ਸੂਬੇ ਵਿੱਚ 50 ਫੀਸਦੀ ਤੋਂ ਵੱਧ ਕਲੈਕਸ਼ਨ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਸੰਭਾਵਨਾ ਪ੍ਰਗਟਾਈ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਦੌਰਾਨ GST ਕੁਲੈਕਸ਼ਨ ਵਧਣ ਦੀ ਉਮੀਦ ਹੈ। ਹਰਪਾਲ ਸਿੰਘ ਚੀਮਾ ਨੇ ਇਹ ਵੀ ਕਿਹਾ ਹੈ ਕਿ ਸੂਬਾ ਸਰਕਾਰ ਨੇ ਬੋਗਸ ਅਤੇ ਜਾਅਲੀ ਬਿਲਿੰਗ ਨੂੰ ਰੋਕਣ ਦੇ ਨਾਲ-ਨਾਲ ਸਾਰੀਆਂ ਖਾਮੀਆਂ ਨੂੰ ਦੂਰ ਕਰਨ ਲਈ ਪੰਜਾਬ ਵਿਧਾਨ ਸਭਾ ‘ਚ ਪੰਜਾਬ ਗੁਡਸ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ, 2022 ਪਾਸ ਕਰ ਦਿੱਤਾ ਹੈ, ਜਿਸ ਨਾਲ ਵਪਾਰੀ ਹੀ ਨਹੀਂ ਸਗੋਂ ਰਾਜ ਦੇ ਆਪਣੇ ਮਾਲੀਏ ਵਿੱਚ ਵੀ ਵਿਸਥਾਰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: