ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਜੀਐੱਸਟੀ ਵਸੂਲੀ ਵਿਚ 24.15 ਫੀਸਦੀ ਤੇ ਆਬਕਾਰੀ ਵਸੂਲੀ ਵਿਚ 41.23 ਫੀਸਦੀ ਦਾ ਵਾਧਾ ਹੋਇਆ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸਲੀ ਪ੍ਰਾਪਤੀ ਚਾਲੂ ਵਿੱਤੀ ਸਾਲ ਵਿਚ ਜੀਐੱਸਟੀ ਵਿਚ 27 ਫੀਸਦੀ ਦੇ ਅਨੁਮਾਨਤ ਬਜਟ ਵਾਧੇ ਦੇ ਬਹੁਤ ਨੇੜੇ ਹਨ। ਉੁਨ੍ਹਾਂ ਕਿਹਾ ਕਿ ਸੂਬੇ ਵਿਚ ਸਾਲ 2021 ਦੇ ਮੁਕਾਬਲੇ ਇਸ ਸਾਲ ਅਪ੍ਰੈਲ ਵਿਚ 3.46 ਫੀਸਦੀ, ਮਈ ਵਿਚ 44.79 ਫੀਸਦੀ, ਜੂਨ ‘ਚ 51.49 ਫੀਸਦੀ ਤੇ ਜੁਲਾਈ ਵਿਚ 13.05 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਨਵੀਂ ਆਬਕਾਰੀ ਨੀਤੀ ਦੀ ਸਫਲਤਾ ਖੁਦ ਬੋਲਦੀ ਹੈ ਕਿਉਂਕਿ ਵਿੱਤੀ ਸਾਲ 2022-23 ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਆਬਕਾਰੀ ਵਸੂਲੀ ਵਿਚ 41.23 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜਿਸ ਨਾਲ ਕੁੱਲ ਆਬਕਾਰੀ ਵਸੂਲੀ 2741.35 ਕਰੋੜ ਰਹੀ ਜਦੋਂ ਕਿ ਪਿਛਲੇ ਸਾਲ ਦੌਰਾਨ ਇਸੇ ਮਿਆਦ ਲਈ ਆਬਕਾਰੀ ਵਸੂਲੀ 1941.05 ਕਰੋੜ ਸੀ।
ਸੂਬਾ ਸਰਕਾਰ ਦੀ ਇਕ ਹੋਰ ਉਪਲਬਧੀ ਦਾ ਜ਼ਿਕਰ ਕਰਦੇ ਹੋਏ ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਵੱਲੋਂ ਸਾਲ 2017 ਵਿਚ ਸੀਸੀਐੱਲ ਗੈਪ ਲਈ ਲਏ ਗਏ ਕਰਜ਼ੇ ਦੀ ਰਕਮ 30584 ਕਰੋੜ ਰੁਪਏ ਸੀ ਤੇ ਇਸ ਕਰਜ਼ੇ ਦੀ 8.25 ਫੀਸਦੀ ਵਿਆਜ ਦਰ ਮਾਸਿਕ ਕਿਸ਼ਤ 270 ਕਰੋੜ ਰੁਪਏ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬੈਂਕ ਕੰਸੋਰਟੀਅਮ ਨਾਲ ਗੱਲਬਾਤ ਕਰਕੇ ਇਸ ਕਰਜ਼ੇ ਦੀ ਵਿਆਜ ਦਰ ਨੂੰ 7.35 ਫੀਸਦੀ (1 ਅਪ੍ਰੈਲ 2022 ਤੋਂ ਪ੍ਰਭਾਵੀ) ‘ਤੇ ਤੈਅ ਕਰਵਾਇਆ ਹੈ ਜਿਸ ਨਾਲ ਜੋ ਕਰਜ਼ਾ ਸਤੰਬਰ 2034 ਤੱਕ ਅਦਾ ਕੀਤਾ ਜਾਣਾ ਸੀ ਉਹ ਮੌਜੂਦਾ ਰਫਤਾਰ ਨਾਲ ਅਕਤੂਬਰ 2033 ਵਿਚ ਹੀ ਨਿਪਟਾ ਦਿੱਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਇਸ ਨਾਲ ਸਰਕਾਰੀ ਖਜ਼ਾਨੇ ਨੂੰ 3094 ਕਰੋੜ ਰੁਪਏ ਦੀ ਬਚਤ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: