ਦੁਨੀਆ ਭਰ ਦੀਆਂ ਸਿੱਖ ਸੰਗਤਾਂ ਨੂੰ ਨਵੇਂ ਸਾਲ ਵਿੱਚ ਇੱਕ ਹੋਰ ਤੋਹਫਾ ਮਿਲਣ ਜਾ ਰਿਹਾ ਹੈ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸੰਗਤਾਂ ਲਈ ਛੇਤੀ ਹੀ ਦਰਸ਼ਨਾਂ ਲਈ ਖੁੱਲ੍ਹਣ ਜਾ ਰਿਹਾ ਹੈ।
200 ਸਾਲ ਪੁਰਾਣੇ ਇਸ ਗੁਰਦੁਆਰਾ ਸੱਚਖੰਡ ਸਾਹਿਬ ਪਹਿਲੀ ਪਾਤਸ਼ਾਹੀ ਸ਼ਿਕਾਰਪੁਰ ਸਿੰਧ ਦੀ ਕਾਰ ਸੇਵਾ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਇਹ ਫਰਵਰੀ 2022 ਤੋਂ ਸਿੱਖ ਸੰਗਤਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅੰਮ੍ਰਿਤਸਰ ਵੱਲੋਂ ਦਿੱਤੀ ਗਈ।
ਦੱਸਣਯੋਗ ਹੈ ਕਿ ਸ਼ਿਕਾਰਪੁਰ ਜ਼ਿਲ੍ਹਾ ਸੱਖਰ ਦਾ ਇੱਕ ਬਹੁਤ ਵੱਡਾ ਨਗਰ ਹੈ। ਇਸ ਅੰਦਰ ਸਤਿਗੁਰੂ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਹੈ। ਇਸ ਅਸਥਾਨ ਨੂੰ ਸਿੰਧੀ ਵਿੱਚ ‘ਪੂਜ ਉਦਾਸੀਅਨ ਸਮਾਧਾਂ ਆਸਰਮ’ ਆਖਿਆ ਜਾਂਦਾ ਹੈ।
ਇਹ ਬਹੁਤ ਹੀ ਵੱਡਾ ਅਸਥਾਨ ਹੈ ਇਸ ਦੇ ਅੰਦਰ ਬੋਹੜ ਦਾ ਉਹ ਦਰੱਖਤ ਅੱਜ ਤੱਕ ਮੌਜੂਦ ਹੈ, ਜਿਸ ਥੱਲੇ ਜਗਤ ਗੁਰੂ ਨਾਨਕ ਦੇਵ ਜੀ ਬਿਰਾਜੇ। ਅਸਥਾਨ ਦੇ ਨਾਲ ਉਦਾਸੀਆਂ ਦੀਆਂ ਸਮਾਧੀਆਂ ਹਨ।