ਫਿਰੋਜ਼ਪੁਰ : ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਆਨੇ-ਬਹਾਨੇ ਪੰਜਾਬ ਕੇਂਦਰ ਦੇ ਨਿਸ਼ਾਨੇ ’ਤੇ ਹੀ ਰਿਹਾ ਹੈ। ਦਿੱਲੀ ਵਿਚ ਰਾਜ ਭੋਗਣ ਵਾਲੀਆਂ ਕਾਂਗਰਸ ਜਾਂ ਭਾਜਪਾ ਸਭ ਨੇ ਸਿੱਖਾਂ ਅਤੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਲੇ ਲੋਕਾਂ ਨੂੰ ਅੱਤਵਾਦੀ, ਵੱਖਖਾਦੀ ਕਹਿਕੇ ਦਰੜਿਆ ਤੇ ਕੁਚਲਿਆ ਹੈ।
ਪਿਛਲੇ ਦਿਨੀਂ ਪੰਜਾਬ ’ਚੋਂ ਉਠੇ ਕਿਸਾਨੀ ਸੰਘਰਸ਼ ਨੇ ਮੋਦੀ ਸਰਕਾਰ ਲਈ ਵੱਡੀ ਚੁਣੌਤੀ ਪੈਦਾ ਕੀਤੀ ਹੋਈ ਹੈ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਮੋਦੀ ਸਰਕਾਰ ਪੰਜਾਬ ‘ਤੇ ਆਪਣਾ ਕਬਜ਼ਾ ਜਮਾਉਣ ਅਤੇ ਕੇਂਦਰ ਵੱਲੋਂ ਪੰਜਾਬ ’ਚ ਸਿੱਧੇ ਦਖ਼ਲ ਦੇ ਮਨਸੂਬੇ ਘੜ ਰਹੀ ਹੈ।
ਅਫ਼ਸੋਸ ਇਸ ਗੱਲ ਦਾ ਹੈ ਕਿ ਕੈਪਟਨ ਤੋਂ ਬਾਅਦ ਕਾਂਗਰਸ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅਚਾਨਕ ਅਮਿਤ ਸ਼ਾਹ ਨੂੰ ਮਿਲਣ ਦਾ ਹੇਜ ਜਾਗਣਾ ਤੇ ਮਿਲਣੀ ਉਪਰੰਤ ਬਿਆਨ ਆਉਣਾ ਕਿ ਉਹ ਪੰਜਾਬ ਦੇ ਬਾਰਡਰਾਂ ਨੂੰ ਸੀਲ ਕਰਨ ਲਈ ਅਮਿਤ ਸ਼ਾਹ ਨੂੰ ਗੁਜ਼ਾਰਿਸ਼ ਕਰਨ ਆਏ ਹਨ ਤਾਂ ਥੋੜੇ ਸਮੇਂ ਬਾਅਦ ਕੇਂਦਰ ਵੱਲੋਂ ਤੁਗਲਕੀ ਫਰਮਾਨ ਸਾਹਮਣੇ ਆਏ ਕਿ ਦੇਸ਼ ਦੇ ਬਾਰਡਰਾਂ ‘ਤੇ ਸੁਰੱਖਿਆ ਦੀ ਜਿੰਮੇਵਾਰ ਬੀਐਸਐਫ ਨੂੰ ਪੰਜਾਬ ਦੇ ਸਰਹੱਦਾਂ ਨਾਲ ਲਗਦੇ 50 ਕਿਲੋਮੀਟਰ ਦੇ ਏਰੀਏ ’ਚ ਗ੍ਰਿਫ਼ਤਾਰੀ, ਤਲਾਸ਼ੀ ਅਤੇ ਜ਼ਬਤੀ ਕਰਨ ਦੇ ਅਧਿਕਾਰ ਦੇ ਦਿੱਤੇ ਗਏ ਹਨ।
ਇਸ ਕਾਰਵਾਈ ਨੇ ਕਾਂਗਰਸ ਦੇ ਕੈਪਟਨ ਅਤੇ ਮੌਜੂਦਾ ਮੁੱਖ ਮੰਤਰੀ ਚੰਨੀ ਦੀ ਭਾਜਪਾ ਨਾਲ ਲੁਕਵੀਂ ਸਾਂਝ ਨੂੰ ਜਗ ਜ਼ਾਹਿਰ ਕਰ ਦਿੱਤਾ ਹੈ, ਜੋਕਿ ਪੰਜਾਬ ਲਈ ਬਹੁਤ ਮੰਦਭਾਗਾ ਹੈ। ਖਾਸ ਕਰਕੇ ਇਸ ਫੈਸਲੇ ਨਾਲ ਸਿੱਖ ਕੇਂਦਰ ਦੇ ਨਿਸ਼ਾਨੇ ’ਤੇ ਰਹਿਣਗੇ ਤੇ ਫਿਰ ਪੰਜਾਬ ਨੂੰ ਹਨੇਰੀ ਖੱਡ ਵੱਲ ਧੱਕੇ ਜਾਣ ਦੇ ਅਸਾਰ ਬਣ ਰਹੇ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਫਿਰੋਜ਼ਪੁਰ ਵਿਖੇ ਸਰਹੱਦੀ ਇਲਾਕਿਆਂ ਦੇ ਫੈਡਰੇਸ਼ਨ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਵੀਡੀਓ ਲਈ ਕਲਿੱਕ ਕਰੋ -:
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਭਾਈ ਗਰੇਵਾਲ ਨੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ’ਚ ਰਾਸ਼ਟਰਪਤੀ ਰਾਜ ਲਾਉਣ ਦੀ ਮਨਸ਼ਾ ਨੂੰ ਬੂਰ ਨਾ ਪੈਣ ’ਤੇ ਉਸ ਵੱਲੋਂ ਕਾਂਗਰਸ ਨੂੰ ਭਾਈਵਾਲ ਬਣਾਕੇ ਪੰਜਾਬ ’ਤੇ ਆਪਣੇ ਸਿੱਧੇ ਦਖ਼ਲ ’ਚ ਵਾਧਾ ਕਰ ਰਹੀ ਹੈ। ਪਾਕਿਸਤਾਨ ਤੋਂ ਤਸਕਰੀ ਦੀ ਘੁਸਪੈਠ ਦੇ ਨਾਮ ਹੇਠਾਂ ਪਹਿਲਾਂ ਵੀ ਦੇਸ਼ ਦੀਆਂ ਐਨ.ਆਈ.ਏ. ਵਰਗੀਆਂ ਇਨਵੈਸਟੀਗੇਸ਼ਨਾਂ ਵਰਗੀਆਂ ਏਜੰਸੀਆਂ ਨੂੰ ਸਥਾਪਤ ਕਰਕੇ ਘੱਟ ਗਿਣਤੀ ਨੂੰ ਦਬਾਉਣ ਤੇ ਖ਼ਤਮ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।
ਪੰਜਾਬ ਇਸ ਸਮੇਂ ਬੜੇ ਹੀ ਨਾਜ਼ੁਕ ਦੌਰ ’ਚੋਂ ਗੁਜ਼ਰ ਰਿਹਾ ਹੈ। ਕਾਂਗਰਸ ਦੀ ਸੂਬਾ ਸਰਕਾਰ ਦੀ ਨਾਲਾਇਕੀ ਕਰਕੇ ਸੂਬਾ ਵੱਡਾ ਆਰਥਿਕ ਤੇ ਪ੍ਰਬੰਧੀ ਸੰਕਟ ’ਚੋਂ ਗੁਜ਼ਰ ਰਿਹਾ ਹੈ ਅਤੇ ਕਿਸਾਨ ਸੰਘਰਸ਼ ਦਾ ਮੁੱਢ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਕੇਂਦਰ ਨਾਲ ਲੜੋ ਜਾਂ ਮਰੋਂ ਦੀ ਲੜਾਈ ਲੜ ਰਹੇ ਹਨ।
ਇਹ ਵੀ ਪੜ੍ਹੋ : CM ਖਿਲਾਫ ਜਾਤੀਵਾਦੀ ਟਿੱਪਣੀ ਦਾ ਮਾਮਲਾ : SC ਕਮਿਸ਼ਨ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਦਿੱਤੇ ਹੁਕਮ
ਅਜਿਹੇ ਸਮੇਂ ’ਤੇ ਕੇਂਦਰ ਵੱਲੋਂ ਪੰਜਾਬ ਨਾਲ ਜੋ ਆਪਣੀਆਂ ਫ਼ੌਜਾਂ ਰਾਹੀਂ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਹੋਈ ਤਾਂ ਹਾਲਾਤ ਮੁੜ ਕਾਬੂ ਤੋਂ ਬਾਹਰ ਹੋ ਜਾਣਗੇ। ਪੰਜਾਬ ਦੇ ਲੋਕਾਂ ਨੂੰ ਇਕ ਹੋਰ ਮਾੜੇ ਦੌਰ ’ਚੋਂ ਲੰਘਣ ਲਈ ਮਜ਼ਬੂਰ ਹੋਣਾ ਪਵੇਗਾ।
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਅਜਿਹੇ ਖਦਸ਼ਿਆਂ ਨੂੰ ਭਾਂਪਦਿਆਂ ਕੇਂਦਰ ਨੂੰ ਸੁਚੇਤ ਕਰਦੇ ਹਨ ਕਿ ਬੀ.ਐਸ.ਐਫ ਦਾ 50 ਕਿਲੋਮੀਟਰ ਦੀ ਸਕੀਮ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਇਸ ਸਮੇਂ ਭਾਈ ਗਰੇਵਾਲ ਦੇ ਨਾਲ ਦਿਲਬਾਗ ਸਿੰਘ ਵਿਰਕ, ਪਰਮਜੀਤ ਸਿੰਘ ਕਲਸੀ, ਮਨਪ੍ਰੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਢਿੱਲੋਂ, ਜਸਵੀਰ ਸਿੰਘ, ਬਲਜਿੰਦਰ ਸਿੰਘ, ਕੈਪਟਨ ਪਿਆਰਾ ਸਿੰਘ, ਬੂਟਾ ਸਿੰਘ, ਡਾ: ਭਜਨ ਸਿੰਘ, ਜਸਬੀਰ ਸਿੰਘ ਕਲਸੀ, ਪਰਮਜੀਤ ਸਿੰਘ, ਗੁਰਬਖਸ਼ ਸਿੰਘ ਸੇਖੋਂ, ਡਾ: ਨਿਰਵੈਰ ਸਿੰਘ, ਮਲਕੀਤ ਸਿੰਘ ਲਾਇਲਪੁਰੀ, ਮੇਹਰ ਸਿੰਘ, ਕੁਲਬੀਰ ਸਿੰਘ ਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।