ਲੁਧਿਆਣਾ ਜ਼ਿਲ੍ਹੇ ਦੇ ਸਕੂਲ ਵਿੱਚ ਟੈਟਨਸ ਦਾ ਟੀਕਾ ਲੱਗਣ ਨਾਲ 10 ਹੋਰ ਵਿਦਿਆਰਥਣਾਂ ਦੀ ਸਿਹਤ ਵਿਗੜ ਗਈ। ਇਨ੍ਹਾਂ ‘ਚੋਂ 3 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਸਮਰਾਲਾ ਦੇ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਕੱਲ੍ਹ 12 ਵਿਦਿਆਰਥਣਾਂ ਬੇਹੋਸ਼ ਹੋ ਗਈਆਂ ਸਨ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।
ਵੀਰਵਾਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥਣਾਂ ਨੂੰ ਟੈਟਨੇਸ ਦਾ ਟੀਕਾ ਲਵਾਉਣ ਲਈ ਟੀਕਾਕਰਨ ਕੈਂਪ ਲਗਾਇਆ ਗਿਆ। ਟੀਕਾ ਲਗਵਾਉਣ ਤੋਂ ਬਾਅਦ ਵਿਦਿਆਰਥਣਾਂ ਨੂੰ ਚੱਕਰ ਆ ਗਏ ਅਤੇ ਬੇਹੋਸ਼ ਹੋ ਗਈਆਂ।
ਸਿਹਤ ਵਿਭਾਗ ਦੀ ਟੀਮ ਨੇ ਸਕੂਲ ਵਿੱਚ 150 ਵਿਦਿਆਰਥਣਾਂ ਨੂੰ ਟੀਕੇ ਲਗਾਏ ਸਨ। ਸ਼ੁੱਕਰਵਾਰ ਨੂੰ ਜਿਨ੍ਹਾਂ ਵਿਦਿਆਰਥਣਾਂ ਦੀ ਹਾਲਤ ਵਿਗੜ ਗਈ, ਉਨ੍ਹਾਂ ਵਿੱਚ ਤਨੀਸ਼ਾ, ਜਸਪ੍ਰੀਤ ਕੌਰ ਸ਼ੇਰੀਆ, ਅੰਜਲੀ, ਹਰਮਨ ਕੌਰ ਸਤਿਆਣਾ, ਜਸ਼ਨ ਕੌਰ ਪਵਾਤ, ਮਨਪ੍ਰੀਤ ਕੌਰ, ਮੀਨੂੰ ਘੁਮਾਣਾ, ਮੁਸਕਾਨ, ਰੇਸ਼ਮਾ ਅਤੇ ਜੋਤੀ ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਡਾਕਟਰਾਂ ਨੇ 3 ਵਿਦਿਆਰਥਣਾਂ ਪਰਵਿੰਦਰ ਕੌਰ, ਅਨਮੋਲ, ਪਰਵਿੰਦਰ ਕੌਰ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਸਮਰਾਲਾ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਇਸ ਦੌਰਾਨ ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਵੀ ਸਿਹਤ ਵਿਭਾਗ ਖ਼ਿਲਾਫ਼ ਭਾਰੀ ਰੋਸ ਪਾਇਆ ਗਿਆ।
ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਟੈਟਨਸ ਦਾ ਟੀਕਾ ਲਗਵਾਉਣ ਤੋਂ ਬਾਅਦ ਉਨ੍ਹਾਂ ਕੋਲ ਆਏ ਬੱਚਿਆਂ ਨੂੰ ਸਿਰ ਦਰਦ ਅਤੇ ਪੇਟ ਦਰਦ ਦੀ ਸਮੱਸਿਆ ਜ਼ਿਆਦਾ ਸੀ। ਅਜਿਹਾ ਉਦੋਂ ਹੁੰਦਾ ਹੈ ਜਦੋਂ ਖਾਲੀ ਪੇਟ ਵੈਕਸੀਨ ਦਿੱਤੀ ਜਾਂਦੀ ਹੈ। ਅਜਿਹਾ ਉਨ੍ਹਾਂ ਵਿਦਿਆਰਥਣਾਂ ਨਾਲ ਵੀ ਹੁੰਦਾ ਹੈ ਜਿਨ੍ਹਾਂ ਵਿਚ ਵਿਟਾਮਿਨ ਆਦਿ ਦੀ ਕਮੀ ਹੁੰਦੀ ਹੈ। ਵਿਦਿਆਰਥਣਾਂ ਦੀ ਸਕੈਨਿੰਗ ਕੀਤੀ ਗਈ ਹੈ। ਖੂਨ ਦੇ ਟੈਸਟ ਵੀ ਕੀਤੇ ਜਾ ਰਹੇ ਹਨ। ਫਿਲਹਾਲ ਵਿਦਿਆਰਥਣਾਂ ਖਤਰੇ ਤੋਂ ਬਾਹਰ ਹਨ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਮਨੀਸ਼ਾ ਖੰਨਾ ਨੇ ਦੱਸਿਆ ਕਿ ਕਮੇਟੀ ਮਾਮਲੇ ਦੀ ਬਾਰੀਕੀ ਨਾਲ ਸਮੀਖਿਆ ਕਰੇਗੀ। ਉਨ੍ਹਾਂ ਕਿਹਾ ਕਿ ਕਈ ਵਾਰ ਵਿਦਿਆਰਥਣਾਂ ਸਵੇਰੇ ਖਾਣਾ ਨਹੀਂ ਖਾਂਦੀਆਂ, ਜਿਸ ਕਾਰਨ ਸਿਰ ਦਰਦ ਆਦਿ ਹੋਣਾ ਵੀ ਆਮ ਗੱਲ ਹੈ। ਪਰ ਇਸ ਮਾਮਲੇ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਇਸ ਲਈ ਉਹ ਇਸ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ : ਟਰੈਕਟਰ ‘ਤੇ 52 ਸਪੀਕਰ ਲਾ ਕੇ ਬੰਦੇ ਨੂੰ ਹੱਲਾ ਮਚਾਉਣਾ ਪਿਆ ਮਹਿੰਗਾ, ਕੱਟੂ 2 ਲੱਖ ਰੁ. ਦਾ ਚਲਾਨ!
ਫਿਲਹਾਲ ਸਾਰੀਆਂ ਲੜਕੀਆਂ ਸੁਰੱਖਿਅਤ ਹਨ। ਇਸ ਮਾਮਲੇ ਵਿੱਚ ਵਿਦਿਆਰਥਣਾਂ ਵੱਲੋਂ ਰਿਪੋਰਟਿੰਗ ਫਾਰਮ ਭਰੇ ਜਾਣ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਬਾਅਦ ਕਾਰਨ ਦਾ ਪਤਾ ਲਗਾਉਣ ਲਈ ਪੂਰੀ ਸਟੱਡੀ ਕੀਤੀ ਜਾਵੇਗੀ। ਭਾਵੇਂ ਇਸ ਤਰ੍ਹਾਂ ਦੀ ਸਮੱਸਿਆ ਆਮ ਹੈ ਪਰ ਫਿਰ ਵੀ ਇਸ ਬਾਰੇ ਸੂਬਾ ਪੱਧਰੀ ਕਮੇਟੀ ਵਿੱਚ ਚਰਚਾ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: