ਪੰਜਾਬ ਵਿਜੀਲੈਂਸ ਬਿਊਰੋ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਹੋਰਨਾਂ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਦਰਜ ਆਮਦਨ ਤੋਂ ਵੱਧ ਸੰਪਤੀ ਜੁਟਾਉਣ ਦੇ ਨਵੇਂ ਅਪਰਾਧਿਕ ਮਾਮਲੇ ਵਿੱਚ ਅਦਾਲਤ ਦਾ ਦਰਵਾਜਾ ਖੜਕਾਇਆ ਹੈ। ਸੈਣੀ ਨੇ ਅੱਜ ਆਪਣੇ ਵਕੀਲਾਂ ਰਾਹੀਂ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਜ਼ਮਾਨਤ ਦੇਣ ਦੀ ਮੰਗ ਕੀਤੀ ਹੈ।
ਇਸ ਮਾਮਲੇ ਦੀ ਸੁਣਵਾਈ ਅਦਾਲਤ ਨੇ 6 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਕੱਲ੍ਹ ਤੱਕ ਜਵਾਬ ਮੰਗਿਆ ਹੈ। ਦੱਸਣਯੋਗ ਹੈ ਕਿ ਸੁਮੇਧ ਸੈਣੀ ਪਹਿਲਾਂ ਹੀ ਬਹਿਬਲ ਕਲਾਂ ਗੋਲੀਕਾਂਡ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੀਆਂ ਘਟਨਾਵਾਂ ਦੀ ਜਾਂਚ ਝੱਲ ਰਹੇ ਹਨ। ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਕੇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਕਈ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ।
ਦੱਸਣਯੋਗ ਹੈ ਕਿ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ -1 ਨੇ ਭ੍ਰਿਸ਼ਟਾਚਾਰ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸੈਣੀ ਸਮੇਤ ਛੇ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਹੋਰ ਦੋਸ਼ੀਆਂ ਵਿੱਚ ਪੀਡਬਲਯੂਡੀ ਦੇ ਕਾਰਜਕਾਰੀ ਇੰਜੀਨੀਅਰ ਨਿਮਰਤਦੀਪ ਸਿੰਘ, ਸੁਰਿੰਦਰ ਜੀਤ ਸਿੰਘ, ਅਜੇ ਕੌਸ਼ਲ, ਪ੍ਰਦਿਊਮਨ ਸਿੰਘ ਅਤੇ ਅਮਿਤ ਸਿੰਗਲਾ ਸ਼ਾਮਲ ਹਨ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਅੱਗੇ ਪੰਜਾਬ ਸਰਕਾਰ ਨੇ ਟੇਕੇ ਗੋਡੇ, ਵਧੇਗੀ 15 ਫੀਸਦੀ ਤਨਖਾਹ
ਨਿਮਰਤਦੀਪ ਸਿੰਘ ਦੇ ਪਿਤਾ ਸੁਰਿੰਦਰਜੀਤ ਸਿੰਘ ਨੇ ਆਪਣੀ ਕੋਠੀ ਦੀ ਪਹਿਲੀ ਮੰਜ਼ਿਲ ਸੁਮੇਧ ਸਿੰਘ ਸੈਣੀ ਨੂੰ 11 ਮਹੀਨਿਆਂ ਲਈ 2.5 ਲੱਖ ਰੁਪਏ ਵਿੱਚ ਕਿਰਾਏ ‘ਤੇ ਦਿੱਤੀ ਸੀ। ਇਹ ਐਗਰੀਮੈਂਟ 15 ਅਕਤੂਬਰ 2018 ਨੂੰ ਹੋਇਆ ਸੀ। ਐਫਆਈਆਰ ਦੇ ਅਨੁਸਾਰ ਅਜਿਹੀ ਸਥਿਤੀ ਵਿੱਚ 11 ਮਹੀਨਿਆਂ ਦਾ ਕੁੱਲ ਕਿਰਾਇਆ 27.5 ਲੱਖ ਰੁਪਏ ਸੀ ਪਰ ਐਗਰੀਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਸੈਣੀ ਨੇ ਉਨ੍ਹਾਂ ਨੂੰ 40 ਲੱਖ ਰੁਪਏ ਦੀ ਸਕਿਓਰਿਟੀ ਮਨੀ ਅਤੇ ਦੋ ਮਹੀਨਿਆਂ ਲਈ 5 ਲੱਖ ਰੁਪਏ ਦਾ ਅਡਵਾਂਸ ਕਿਰਾਇਆ ਦਿੱਤਾ ਸੀ।
ਇਸ ਸਮੇਂ ਦੌਰਾਨ ਸੈਣੀ ਦੁਆਰਾ ਕੁੱਲ 45 ਲੱਖ ਦਾ ਭੁਗਤਾਨ ਕੀਤਾ ਗਿਆ, ਜੋ ਕਿ 11 ਮਹੀਨਿਆਂ ਦੇ ਕਿਰਾਏ ਤੋਂ ਵੱਧ ਹੈ। ਇਸ ਤੋਂ ਇਲਾਵਾ ਸੈਣੀ ਨੇ ਅਗਸਤ 2018 ਤੋਂ ਅਗਸਤ 2020 ਤੱਕ ਸੁਰਿੰਦਰਜੀਤ ਸਿੰਘ ਦੇ ਖਾਤੇ ਵਿੱਚ 6.40 ਕਰੋੜ ਰੁਪਏ ਟ੍ਰਾਂਸਫਰ ਕੀਤੇ, ਹਾਲਾਂਕਿ ਇਹ ਅਦਾਇਗੀ ਕਿਰਾਏ ਦੇ ਡੀਡ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਨਹੀਂ ਹੈ। ਇਸ ਤੋਂ ਇਲਾਵਾ 2 ਕਰੋੜ ਰੁਪਏ ਦੀ ਹੋਰ ਅਦਾਇਗੀ ਵੀ ਕੀਤੀ ਗਈ ਹੈ।