ਬਠਿੰਡਾ ਕੇਂਦਰੀ ਜੇਲ੍ਹ ਦੇ ਬ੍ਰੇਕ ਹੋਣ ਦੀ ਸੂਚਨਾ ਫੈਲਣ ਨਾਲ ਪੁਲਿਸ ਪ੍ਰਸ਼ਾਸਨ ਦੀ ਨੀਂਦ ਉੱਡ ਗਈ ਹੈ। ਸ਼ਨੀਵਾਰ ਨੂੰ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਜੇਲ੍ਹ ਦਾ ਦੌਰਾ ਕੀਤਾ। ਜੇਲ੍ਹ ਮੰਤਰੀ ਦੇ ਦੌਰੇ ਮਗਰੋਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਜੇਲ੍ਹ ਵਿੱਚ ਬੰਦ ਖਤਰਨਾਕ ਗੈਂਗਸਟਰ ਕਿਸੇ ਵੇਲੇ ਵੀ ਜੇਲ੍ਹ ਬ੍ਰੇਕ ਕਰ ਸਕਦੇ ਹਨ। ਇਸ ਮਗਰੋਂ ਤੁਰੰਤ ਭਾਰੀ ਪੁਲਿਸ ਫੋਰਸ ਸਣੇ ਐੱਸ.ਪੀ.ਡੀ. ਤਰੁਣ ਜੇਲ੍ਹ ਪਹੁੰਚੇ। ਜਿਥੇ ਜੇਲ੍ਹ ਸੁਪਰਡੈਂਟ ਐੱਨ.ਡੀ. ਨੇਗੀ ਨਾਲ ਗੱਲਬਾਤ ਕਰਨ ਤੋਂ ਬਾਅਦ ਜੇਲ੍ਹ ਦੇ ਬਾਹਰ ਸਖਤ ਪਹਿਲਾ ਲਾ ਦਿੱਤਾ ਗਿਆ। ਦੂਜੇ ਪਾਸੇ ਜੇਲ੍ਹ ਦੇ ਬਿਲਕੁਲ ਅੰਦਰ 22 ਨਵੇਂ ਕਮਾਂਡੋ ਹਥਿਆਰਾਂ ਸਣੇ ਤਾਇਨਾਤ ਕਰ ਦਿੱਤੇ ਗਏ।
ਸ਼ਨੀਵਾਰ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਜੇਲ੍ਹ ਅੰਦਰ ਇੱਕ ਮਾਕਡ੍ਰਿਲ ਵੀ ਕੀਤੀ ਗਈ। ਪੁਲਿਸ ਕਰਮਚਾਰੀਆਂ ਨੂੰ ਦੱਸਿਆ ਗਿਆ ਕਿ ਜੇਲ੍ਹ ਵਿੱਚ ਜੇ ਕੋਈ ਵੀ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਉਸ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ। ਇਸ ਜੇਲ੍ਹ ਵਿੱਚ 60 ਤੋਂ ਵੱਧ ਖਤਰਨਾਕ ਗੈਂਗਸਟਰ ਬੰਦ ਹਨ। ਸ਼ਨੀਵਾਰ ਨੂੰ ਜੇਲ੍ਹ ਮੰਤਰੀ ਬੈਂਸ ਨੇ ਇਨ੍ਹਾਂ ਨਾਲ ਗੱਲਬਾਤ ਕੀਤੀ।
ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜੇਲ੍ਹ ਵਿੱਚ ਬੰਦ ਖ਼ਤਰਨਾਕ ਗੈਂਗਸਟਰਾਂ ਨੂੰ ਲੈ ਕੇ ਜੇਲ੍ਹ ਦੀ ਸੁਰੱਖਿਆ ਪੂਰੀ ਤਰ੍ਹਾਂ ਸਖ਼ਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਲ੍ਹ ਸੁਪਰਡੈਂਟ ਵੱਲੋਂ ਕੁਝ ਮਹੀਨੇ ਪਹਿਲਾਂ ਜ਼ਿਲ੍ਹੇ ਦੇ ਤਤਕਾਲੀ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਸ਼ਾਮ ਵੇਲੇ ਜੇਲ੍ਹ ਦੇ ਨਾਲ ਲੱਗਦੇ 300 ਮੀਟਰ ਦੇ ਘੇਰੇ ਵਿੱਚ ਕਰਫ਼ਿਊ ਲਾਇਆ ਜਾਵੇ। ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਜੇਲ੍ਹ ਸੁਪਰਡੈਂਟ ਦੇ ਪੱਤਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਨਾ ਹੀ ਇਸ ਪੱਤਰ ਦਾ ਕੋਈ ਜਵਾਬ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਜੇਲ੍ਹ ਸੁਪਰਡੈਂਟ ਵੱਲੋਂ ਜੇਲ੍ਹ ਦੇ 300 ਮੀਟਰ ਦੇ ਘੇਰੇ ਅੰਦਰ ਕਰਫ਼ਿਊ ਲਾਉਣ ਸਬੰਧੀ ਲਿਖੇ ਪੱਤਰ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਐਤਵਾਰ ਨੂੰ ਫ਼ੋਨ ‘ਤੇ ਦੱਸਿਆ ਕਿ ਉਨ੍ਹਾਂ ਨੂੰ ਅਜਿਹਾ ਕੋਈ ਪੱਤਰ ਨਹੀਂ ਮਿਲਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਲ੍ਹ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਨੋ ਫਲਾਈ ਜ਼ੋਨ ਐਲਾਨ ਕੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: