ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਰੈਲੀ ਕਰਨ ਲਈ ਆ ਰਹੇ ਹਨ ਪਰ ਇਸ ਰੈਲੀ ‘ਤੇ ਮੌਸਮ ਦਾ ਸਾਇਆ ਪੈ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਤੇਜ਼ ਮੀਂਹ ਨਾਲ ਗੜੇ ਪੈਣ ਦਾ ਅਲਰਟ ਜਾਰੀ ਕੀਤਾ ਹੈ। ਇਸ ਦਾ ਅਸਰ ਪੀ.ਐੱਮ. ਮੋਦੀ ਦੀ ਰੈਲੀ ‘ਤੇ ਪੈ ਸਕਦਾ ਹੈ। ਦੱਸ ਦੇਈਏ ਕਿ ਭਾਰਤੀ ਜਨਤਾ ਪਾਰਟੀ ਲਈ ਇਹ ਰੈਲੀ ਬਹੁਤ ਅਹਿਮ ਹੈ। ਰੈਲੀ ਨੂੰ ਸਫਲ ਬਣਾਉਣ ਲਈ ਕੇਂਦਰੀ ਲੀਡਰਸ਼ਿਪ ਤੋਂ ਇਲਾਵਾ ਕਈ ਮੰਤਰੀ ਪੂਰਾ ਜ਼ੋਰ ਲਾ ਰਹੇ ਹਨ।
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦਾ ਮੌਸਮ 4 ਤੋਂ 6 ਜਨਵਰੀ ਤੱਕ ਪ੍ਰਭਾਵਿਤ ਰਹੇਗਾ। ਮੌਸਮ ਵਿਭਾਗ ਮੁਤਾਬਕ 5 ਜਨਵਰੀ ਨੂੰ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਪੈ ਸਕਦਾ ਹੈ। ਇਸ ਦੇ ਲਈ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। 4 ਜਨਵਰੀ ਨੂੰ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
5 ਜਨਵਰੀ ਨੂੰ ਹਰਿਆਣਾ ਵਿਚ ਜ਼ਿਆਦਾਤਰ ਥਾਵਾਂ ‘ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ, ਜਦਕਿ ਪੰਜਾਬ ਦੇ ਉੱਤਰੀ ਹਿੱਸਿਆਂ ਵਿਚ ਕੁਝ ਥਾਵਾਂ ‘ਤੇ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਤੇ ਹਰਿਆਣਾ ਦੇ ਉੱਤਰੀ, ਪੱਛਮੀ ਅਤੇ ਦੱਖਣ-ਪੱਛਮੀ ਹਿੱਸਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਗਰਜ, ਬਿਜਲੀ ਅਤੇ ਗੜੇ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਚੰਡੀਗੜ੍ਹ ਸਣੇ ਪੰਜਾਬ ਅਤੇ ਹਰਿਆਣਾ ਵਿੱਚ 7 ਤੋਂ 8 ਜਨਵਰੀ ਦੌਰਾਨ ਮੁੜ ਮੀਂਹ ਪੈ ਸਕਦਾ ਹੈ। ਇਸ ਦੌਰਾਨ ਚੰਡੀਗੜ੍ਹ ਸਣੇ ਦੋਵਾਂ ਰਾਜਾਂ ‘ਚ ਕਈ ਥਾਵਾਂ ‘ਤੇ ਤੂਫਾਨ ਅਤੇ ਹਨੇਰੀ ਚੱਲਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਮੌਸਮ ਵਿਭਾਗ ਦੀ ਪ੍ਰਧਾਨ ਪ੍ਰਭਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਕੇਂਦਰੀ ਮੌਸਮ ਵਿਭਾਗ ਅਤੇ ਉਨ੍ਹਾਂ ਦੇ ਅਧਿਐਨ ਮੁਤਾਬਕ 5 ਜਨਵਰੀ ਨੂੰ ਅਤੇ ਇਸ ਤੋਂ ਬਾਅਦ ਬਾਰਿਸ਼ ਹੋਣੀ ਤੈਅ ਹੈ। ਪੰਜਾਬ ਦੇ ਉੱਤਰੀ ਇਲਾਕੇ ਜਿਵੇਂ ਫਿਰੋਜ਼ਪੁਰ, ਬਠਿੰਡਾ, ਲੁਧਿਆਣਾ, ਮੋਗਾ ਆਦਿ ਪੂਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਇਸ ਦੇ ਨਾਲ ਹੀ ਕੁਝ ਥਾਵਾਂ ‘ਤੇ ਗੜੇ ਵੀ ਪੈ ਸਕਦੇ ਹਨ। ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ 3 ਦਿਨ ਪੰਜਾਬ ਦੇ ਮੌਸਮ ਦੇ ਲਿਹਾਜ਼ ਨਾਲ ਬਹੁਤ ਅਹਿਮ ਹਨ।