ਮੌਸਮ ਵਿਭਾਗ ਨੇ ਉੱਤਰ ਤੇ ਮੱਧ ਭਾਰਤ ਦੇ ਕਈ ਸੂਬਿਆਂ ਵਿੱਚ ਦਸੰਬਰ ਦੇ ਪਹਿਲੇ ਹਫਤੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ, ਇਸ ਦੇ ਨਾਲ ਹੀ ਪਹਾੜਾਂ ਵਿੱਚ ਵੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਪਹਾੜੀ ਇਲਾਕਿਆਂ ‘ਚ ਬਰਫਬਾਰੀ ਨਾਲ ਠੰਡ ਵਧੇਗੀ।
ਮੌਸਮ ਵਿਭਾਗ (IMD) ਮੁਤਾਬਕ 1 ਤੋਂ 6 ਦਸੰਬਰ ਦਰਮਿਆਨ ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਪੂਰੇ ਉੱਤਰ-ਮੱਧ ਭਾਰਤ ‘ਚ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦੇ ਵਿਗਿਆਨੀ ਆਰ ਕੇ ਜੇਨਾਮਾਨੀ ਮੁਤਾਬਕ 2-3 ਦਸੰਬਰ ਦੇ ਨੇੜੇ-ਤੇੜੇ ਵੈਸਟਰਨ ਡਿਸਟਰਬੈਂਸ ਕਰਕੇ ਉੱਤਰੀ ਭਾਰਤ ਤੇ ਪਹਾੜਾਂ ਵਿੱਚ ਮੀਂਹ ਪਏਗਾ। ਹਵਾਵਾਂ ਚੱਲਣਗੀਆਂ, ਜਿਸ ਨਾਲ ਪ੍ਰਦੂਸ਼ਣ ਅਤੇ ਧੂੰਏਂ ਦੀ ਸਥਿਤੀ ਵਿੱਚ ਸੁਧਾਰ ਹੋਵੇਗਾ।
ਇਸ ਤੋਂ ਬਾਅਦ ਇੱਕ ਹੋਰ ਵੈਸਟਰਨ ਡਿਸਟਰਬੈਂਸ ਕਰਕੇ 5-6 ਦਸੰਬਰ ਨੂੰ ਦਿੱਲੀ ਵਿੱਚ ਮੀਂਹ ਪਏਗਾ। 2 ਦਸੰਬਰ ਨੂੰ ਐੱਨਸੀਆਰ ‘ਚ ਇਕ-ਦੋ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। 5-6 ਦਸੰਬਰ ਨੂੰ ਮੀਂਹ ਦੀ ਸੰਭਾਵਨਾ ਵੱਧ ਹੈ। ਇਸ ਦੌਰਾਨ ਪਹਾੜਾਂ ਅਤੇ ਮੈਦਾਨੀ ਇਲਾਕਿਆ ਵਿੱਚ ਮੀਂਹ ਪਏਗਾ। ਓਡੀਸ਼ਾ ਤੇ ਆਂਧਰਾ ਪ੍ਰਦੇਸ਼ ਵਿੱਚ ਵੀ ਭਾਰੀ ਮੀਂਹ ਪਏਗਾ।
ਇਸ ਦੇ ਨਾਲ ਹੀ ਗੁਜਰਾਤ ਵਿੱਚ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਕੋਂਕਣ, ਮੱਧ ਮਹਾਰਾਸ਼ਟਰ ਵਿੱਚ ਵੀ ਮੀਂਹ ਪਵੇਗਾ। ਇਸ ਦੌਰਾਨ 1-2 ਦਸੰਬਰ ਨੂੰ ਮੁੰਬਈ ‘ਚ ਹਲਕੀ ਬਾਰਿਸ਼ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਭਾਰਤੀ ਮੌਸਮ ਵਿਭਾਗ ਅਨੁਸਾਰ ਗੁਜਰਾਤ, ਉੱਤਰੀ ਮਹਾਰਾਸ਼ਟਰ, ਦੱਖਣ-ਪੱਛਮੀ ਮੱਧ ਪ੍ਰਦੇਸ਼ ਅਤੇ ਦੱਖਣੀ ਰਾਜਸਥਾਨ ਵਿੱਚ 30 ਨਵੰਬਰ ਦੀ ਰਾਤ ਨੂੰ ਤੇਜ਼ ਹਵਾਵਾਂ ਨਾਲ ਸ਼ੁਰੂ ਹੋਇਆ ਮੀਂਹ 2 ਦਸੰਬਰ ਤੱਕ ਜਾਰੀ ਰਹੇਗਾ। ਗੁਜਰਾਤ ਵਿੱਚ 1 ਅਤੇ 2 ਦਸੰਬਰ ਨੂੰ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ‘ਓਮੀਕ੍ਰਾਨ’ ਦਾ ਖਤਰਾ, ਚੰਡੀਗੜ੍ਹ ‘ਚ ਸਾਊਥ ਅਫਰੀਕਾ ਤੋਂ ਆਏ ਪਤੀ-ਪਤਨੀ ਮੇਡ ਸਣੇ ਕੋਰੋਨਾ ਪਾਜ਼ੀਟਿਵ
ਪੱਛਮੀ ਮੱਧ ਪ੍ਰਦੇਸ਼, ਪੂਰਬੀ ਰਾਜਸਥਾਨ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਵਿੱਚ 1 ਅਤੇ 2 ਦਸੰਬਰ ਨੂੰ ਤੇਜ਼ ਹਵਾਵਾਂ ਨਾਲ ਮੀਂਹ ਪਏਗਾ। ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ, ਮੁਜ਼ੱਫਰਾਬਾਦ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਦਿਨਾਂ ਵਿੱਚ ਇੱਥੇ ਬਰਫਬਾਰੀ ਵੀ ਹੋਵੇਗੀ।