ਪੰਜਾਬ ‘ਚ ਸ਼ਿਮਲਾ ਮਿਰਚ ਦੀ ਬੰਪਰ ਫਸਲ ਕਿਸਾਨਾਂ ‘ਤੇ ਭਾਰੀ ਪੈ ਰਹੀ ਹੈ। ਹਾਲਾਤ ਇਹ ਬਣ ਗਏ ਹਨ ਕਿ ਕਿਸਾਨਾਂ ਨੂੰ ਬੰਪਰ ਫਸਲ ਲਈ ਖਰੀਦਦਾਰ ਨਹੀਂ ਮਿਲ ਰਹੇ ਹਨ। ਜੋ ਵਪਾਰੀ ਵੀ ਫਸਲ ਖਰੀਦਣ ਲਈ ਤਿਆਰ ਹੋ ਰਹੇ ਹਨ, ਉਹ ਵੀ ਸਹੀ ਕੀਮਤ ਨਹੀਂ ਦੇ ਰਹੇ।
ਵਪਾਰੀ ਕਿਸਾਨਾਂ ਦੀ ਫਸਲ 1 ਰੁਪਏ ਤੋਂ 3 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦ ਰਹੇ ਹਨ। ਆਮ ਲੋਕਾਂ ਨੂੰ ਇੱਥੇ ਬਾਜ਼ਾਰ ਵਿੱਚ ਸ਼ਿਮਲਾ ਮਿਰਚ 20 ਤੋਂ 30 ਰੁਪਏ ਵਿੱਚ ਮਿਲ ਰਹੀ ਹੈ। ਇਸੇ ਦੇ ਵਿਰੋਧ ਵਿੱਚ ਮਾਨਸਾ ਵਿੱਚ ਕਿਸਾਨਾਂ ਨੇ ਸ਼ਿਮਲਾ ਮਿਰਚ ਨੂੰ ਹਾਈਵੇਅ ‘ਤੇ ਸੁੱਟ ਕੇ ਰੋਸ ਜ਼ਾਹਿਰ ਕੀਤਾ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਸ਼ਿਮਲਾ ਮਿਰਚ ਦੀ ਕਾਸ਼ਤ ਕਰਨ ਵਾਲੇ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਸ਼ਿਮਲਾ ਮਿਰਚ ਵਿਕ ਨਹੀਂ ਰਹੀ। ਮੁਨਾਫਾ ਅਤੇ ਲਾਗਤ ਛੱਡ ਵੀ ਦਿੱਤਾ ਜਾਵੇ ਤਾਂ ਫਸਲ ਦੇ ਬੀਜ ਲਈ ਜੋ ਪੈਸੇ ਖਰਚ ਕੀਤੇ ਸਨ ਓਨੀ ਦੀ ਵੀ ਫਸਲ ਵਿਕਦੀ ਹੋਈ ਨਹੀਂ ਵਿਖ ਰਹੀ।
ਕਿਸਾਨ ਮਲਕੀਤ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਰਵਾਇਤੀ ਖੇਤੀ ਤੋਂ ਬਾਹਰ ਨਿਕਲਣ ਦੀ ਗੱਲ ਕਰ ਰਹੀ ਹੈ ਪਰ ਜਦੋਂ ਕਿਸਾਨ ਰਵਾਇਤੀ ਖੇਤੀ ਤੋਂ ਇਲਾਵਾ ਹੋਰ ਖੇਤੀ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਖਰੀਦਦਾਰ ਨਹੀਂ ਮਿਲ ਰਹੇ। ਇਹੀ ਸ਼ਿਮਲਾ ਮਿਰਚ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਮਹਿੰਗੇ ਭਾਅ ’ਤੇ ਵਿਕ ਰਹੀ ਹੈ ਪਰ ਸੂਬਾ ਸਰਕਾਰ ਨਾ ਤਾਂ ਕਿਸਾਨਾਂ ਨੂੰ ਫਸਲ ਦਾ ਸਹੀ ਮੁੱਲ ਦੇ ਰਹੀ ਹੈ ਅਤੇ ਨਾ ਹੀ ਫਸਲ ਨੂੰ ਸਟੋਰ ਕਰਨ ਦਾ ਕੋਈ ਪ੍ਰਬੰਧ ਹੈ।
ਇਹ ਵੀ ਪੜ੍ਹੋ : ਭਾਰਤ ਦੌਰੇ ਤੋਂ ਪਹਿਲਾਂ ਹੀ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਲੈ ਕੇ ਬਿਲਾਵਲ ਭੁੱਟੋ ਨੇ ਦਿੱਤਾ ਵੱਡਾ ਬਿਆਨ
ਇੱਥੇ ਹੀ ਬੱਸ ਨਹੀਂ ਸੂਬਾ ਸਰਕਾਰ ਨੇ ਫਿਰੋਜ਼ਪੁਰ ਵਿੱਚ ਪੰਜਾਬ ਦਾ ਪਹਿਲਾ ਮਿਰਚਾਂ ਦਾ ਕਲੱਸਟਰ ਖੋਲ੍ਹਿਆ ਹੈ। ਜਿਸ ਦਾ ਉਦਘਾਟਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੀਤਾ ਪਰ ਕਿਸਾਨਾਂ ਦਾ ਹਾਲ ਚਾਲ ਕੋਈ ਨਹੀਂ ਪੁੱਛ ਰਿਹਾ। ਕਿਸਾਨ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਰੇ।
ਵੀਡੀਓ ਲਈ ਕਲਿੱਕ ਕਰੋ -: