ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ ਐਤਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਮੱਛੂ ਨਦੀ ’ਤੇ ਬਣਿਆ ਕੇਬਲ ਬ੍ਰਿਜ ਅਚਾਨਕ ਟੁੱਟ ਗਿਆ। ਇਸ ਹਾਦਸੇ ‘ਚ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਕ ਰਾਜਕੋਟ ਤੋਂ ਭਾਜਪਾ ਸੰਸਦ ਮੋਹਨਭਾਈ ਕਲਿਆਣਜੀ ਕੁੰਡਾਰੀਆ ਨੇ ਕਿਹਾ ਕਿ 60 ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚ ਜ਼ਿਆਦਾਤਰ ਬੱਚੇ, ਔਰਤਾਂ ਅਤੇ ਬਜ਼ੁਰਗ ਹਨ। ਬਾਕੀ ਬਚ ਗਏ ਹਨ। NDRF ਦਾ ਬਚਾਅ ਕਾਰਜ ਜਾਰੀ ਹੈ। ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ, ਇਹ ਬਹੁਤ ਦੁਖਦਾਈ ਹੈ।
ਮੱਖੂ ਨਦੀ ‘ਤੇ ਬਣਿਆ ਇਹ ਕੇਬਲ ਬ੍ਰਿਜ ਕਾਫੀ ਪੁਰਾਣਾ ਸੀ। ਇਸ ਨੂੰ ਵਿਰਾਸਤੀ ਪੁਲ ਵਿੱਚ ਸ਼ਾਮਲ ਕੀਤਾ ਗਿਆ। ਗੁਜਰਾਤੀ ਨਵੇਂ ਸਾਲ ‘ਤੇ ਮੁਰੰਮਤ ਤੋਂ ਬਾਅਦ ਦੀਵਾਲੀ ਤੋਂ ਬਾਅਦ ਇਸ ਨੂੰ ਦੁਬਾਰਾ ਖੋਲ੍ਹਿਆ ਗਿਆ ਸੀ। ਜਾਣਕਾਰੀ ਮੁਤਾਬਕ ਇਹ ਪੁਲ ਕਰੀਬ 7 ਮਹੀਨਿਆਂ ਤੋਂ ਮੁਰੰਮਤ ਲਈ ਬੰਦ ਪਿਆ ਸੀ। ਇਸ ਨੂੰ 5 ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਸੀ। ਹਾਦਸੇ ਵੇਲੇ ਇਸ ਪੁਲ ‘ਤੇ ਕਰੀਬ 400 ਲੋਕ ਮੌਜੂਦ ਸਨ, ਜਿਨ੍ਹਾਂ ‘ਚੋਂ 100 ਲੋਕ ਨਦੀ ‘ਚ ਡਿੱਗ ਗਏ।
ਇਸ ਨੂੰ ਝੂਲਦਾ ਹੋਇਆ ਪੁਲ ਵੀ ਕਿਹਾ ਜਾਂਦਾ ਹੈ। ਇਸ ਇਤਿਹਾਸਕ ਬ੍ਰਿਜ ‘ਤੇ ਐਤਵਾਰ ਸੈਂਕੜੇ ਲੋਕ ਛੁੱਟੀ ਮਨਾਉਣ ਨਿਕਲੇ ਸਨ। ਲੋਕ ਇਸ ‘ਤੇ ਸੈਲਫੀ ਲੈ ਰਹੇ ਸਨ ਕਿ ਅਚਾਨਕ ਇਹ ਟੁੱਟ ਕੇ ਨਦੀ ਵਿੱਚ ਸਮਾ ਗਿਆ। ਇਸ ਦੀ ਮੁਰੰਮਤ ਦਾ ਕੰਮ ਇੱਕ ਟਰੱਸਟ ਨੇ ਕੀਤਾ ਸੀ, ਹੁਣ ਇਸ ਵਿੱਚ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਲੈ ਕੇ ਵੀ ਸਵਾਲ ਉਠ ਰਹੇ ਹਨ।
ਜਾਣਕਾਰੀ ਮੁਤਾਬਕ ਜਿਵੇਂ ਹੀ ਲੋਕ ਵੱਡੀ ਗਿਣਤੀ ਵਿੱਚ ਬਰਿੱਜ ‘ਤੇ ਪਹੁੰਚੇ ਤਾਂ ਇਸ ਦੇ ਵਿਚੋਂ ਦੋ ਟੁਕੜੇ ਹੋ ਗਏ। ਹਾਦਸੇ ਵੇਲੇ ਬ੍ਰਿਜ ‘ਤੇ ਮੌਜੂਦ ਸਾਰੇ ਲੋਕ ਨਦੀ ਵਿੱਚ ਡਿੱਗ ਗਏ, ਜਿਨ੍ਹਾਂ ਵਿੱਚੋਂ ਕਈ ਲੋਕ ਤੈਰ ਕੇ ਬਾਹਰ ਨਿਕਲ ਆਏ ਜਦਕਿ ਕਿੰਨੇ ਹੀ ਲੋਕ ਨਦੀ ਵਿੱਚ ਡੁੱਬ ਗਏ।
ਰਿਪੋਰਟਾਂ ਮੁਤਾਬਕ ਇਹ ਪੁਲ 140 ਸਾਲ ਪੁਰਾਣਾ ਸੀ। ਇਸ ਇਤਿਹਾਸਕ ਪੁਲ ਦੀ ਲੰਬਾਈ 200 ਮੀਟਰ ਤੋਂ ਵੱਧ ਅਤੇ ਚੌੜਾਈ 3 ਤੋਂ 4 ਫੁੱਟ ਦੇ ਕਰੀਬ ਸੀ। 20 ਫਰਵਰੀ 1879 ਨੂੰ ਮੁੰਬਈ ਦੇ ਤਤਕਾਲੀ ਗਵਰਨਰ ਰਿਚਰਡ ਟੈਂਪਲ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ। ਇਹ ਪੁਲ ਲਗਭਗ 3.5 ਲੱਖ ਰੁਪਏ ਦੀ ਲਾਗਤ ਨਾਲ 1880 ਵਿੱਚ ਪੂਰਾ ਹੋਇਆ ਸੀ। ਇਸ ਦੇ ਨਿਰਮਾਣ ਲਈ ਸਮੱਗਰੀ ਇੰਗਲੈਂਡ ਤੋਂ ਲਿਆਂਦੀ ਗਈ ਸੀ। ਇਹ ਦਰਬਾਰਗੜ੍ਹ ਨੂੰ ਨਜਰਬਾਗ ਨਾਲ ਜੋੜਨ ਲਈ ਬਣਾਇਆ ਗਿਆ ਸੀ। ਇਸ ਦੀ ਲੰਬਾਈ ਲਗਭਗ 765 ਫੁੱਟ ਹੈ।
ਇਹ ਵੀ ਪੜ੍ਹੋ : ਰਾਮ ਰਹੀਮ ਦੀ ਪੈਰੋਲ ‘ਤੇ ਸਵਾਲ ਚੁੱਕਣ ਵਾਲੀ ਸਵਾਤੀ ਮਾਲੀਵਾਲ ਨੂੰ ਧਮਕੀਆਂ, ਪੈਰੋਕਾਰਾਂ ‘ਤੇ ਲਾਏ ਦੋਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਦਾ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ, ਜਦਕਿ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਦੂਜੇ ਪਾਸੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਸਿੰਘ ਪਟੇਲ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: