ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਇਤਿਹਾਸਕ ਜੋਸ਼ੀਮਠ ਵਿੱਚ ਜ਼ਮੀਨ ਖਿਸਕਣ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਜੋਸ਼ੀਮਠ ਦੇ ਮਾਂ ਭਗਵਤੀ ਮੰਦਰ ਦੇ ਢਿੱਗਾਂ ਡਿੱਗਣ ਤੋਂ ਬਾਅਦ ਹੁਣ ਸ਼ੰਕਰਾਚਾਰੀਆ ਮਾਧਵ ਆਸ਼ਰਮ ਮੰਦਰ ‘ਚ ਤਰੇੜਾਂ ਆ ਗਈਆਂ ਹਨ। ਲਕਸ਼ਮੀ ਨਰਾਇਣ ਮੰਦਰ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ‘ਚ ਵੱਡੀਆਂ ਤਰੇੜਾਂ ਆ ਗਈਆਂ ਹਨ। ਜ਼ਮੀਨ ਖਿਸਕਣ ਕਾਰਨ ਜੋਸ਼ੀਮਠ ਵਿੱਚ ਸੈਂਕੜੇ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਨੇੜਲੇ ਕੌਮੀ ਰਾਜ ਮਾਰਗਾਂ ਅਤੇ ਸਰਹੱਦੀ ਸੜਕਾਂ ਸਮੇਤ ਘਰਾਂ, ਸੜਕਾਂ ਅਤੇ ਖੇਤਾਂ ਵਿੱਚ ਭਾਰੀ ਤਰੇੜਾਂ ਦੇਖੀਆਂ ਗਈਆਂ ਹਨ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ੁੱਕਰਵਾਰ ਨੂੰ ਜੋਸ਼ੀਮਠ ਕਸਬੇ ਦੇ ਖੰਡਰ ਅਤੇ ਅਸੁਰੱਖਿਅਤ ਘਰਾਂ ਵਿੱਚ ਰਹਿ ਰਹੇ ਲਗਭਗ 600 ਪਰਿਵਾਰਾਂ ਨੂੰ ਤੁਰੰਤ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ ਬਚਾਉਣਾ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਜੋਤਿਸ਼ਪੀਠ ਦੇ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਮਹਾਰਾਜ ਨੇ ਸ਼ਨੀਵਾਰ ਨੂੰ ਸੁਪਰੀਮ ਕੋਰਟ ‘ਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ। ਐਡਵੋਕੇਟ ਪਰਮੇਸ਼ਵਰ ਨਾਥ ਮਿਸ਼ਰਾ ਨੇ ਪਟੀਸ਼ਨ ‘ਚ ਕਿਹਾ ਹੈ ਕਿ ਢਾਈ ਹਜ਼ਾਰ ਸਾਲ ਤੋਂ ਜ਼ਿਆਦਾ ਪੁਰਾਣਾ ਮੱਠ ਵੀ ਜ਼ਮੀਨ ਖਿਸਕਣ ਦੀ ਮਾਰ ਹੇਠ ਆ ਗਿਆ ਹੈ। ਇਸ ਕਾਰਨ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਇਸ ਲਈ ਸੁਪਰੀਮ ਕੋਰਟ ਨੂੰ ਇਸ ਲਈ ਤੁਰੰਤ ਕਦਮ ਚੁੱਕਣ ਦਾ ਹੁਕਮ ਜਾਰੀ ਕਰਨਾ ਚਾਹੀਦਾ ਹੈ। ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਜਾਣੇ ਚਾਹੀਦੇ ਹਨ।
ਇਸ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਜ਼ਮੀਨੀ ਪੱਧਰ ‘ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ਨੀਵਾਰ ਨੂੰ ਜੋਸ਼ੀਮਠ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਉਹ ਪ੍ਰਭਾਵਿਤ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਅਧਿਕਾਰੀਆਂ ਅਤੇ ਮਾਹਿਰਾਂ ਦੀ ਟੀਮ ਨਾਲ ਵੀ ਮੁਲਾਕਾਤ ਕੀਤੀ ਜੋ ਵੀਰਵਾਰ ਤੋਂ ਸ਼ਹਿਰ ਦੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਧਾਮੀ ਨੇ ਉਨ੍ਹਾਂ ਨਾਲ ਜੋਸ਼ੀਮਠ ਤੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਪ੍ਰਕਿਰਿਆ ਬਾਰੇ ਵੀ ਗੱਲ ਕੀਤੀ।
ਇਸ ਘਟਨਾ ਨਾਲ ਕਰੀਬ 600 ਘਰ ਪ੍ਰਭਾਵਿਤ ਹੋਏ ਹਨ। ਹੁਣ ਤੱਕ ਕਰੀਬ 200 ਲੋਕਾਂ ਨੂੰ ਉਥੋਂ ਕੱਢਿਆ ਜਾ ਚੁੱਕਾ ਹੈ। ਕਸਬੇ ਦਾ ਮਾਰਵਾੜੀ ਇਲਾਕਾ, ਜਿੱਥੇ ਪਾਣੀ ਆ ਰਿਹਾ ਹੈ, ਸਭ ਤੋਂ ਵੱਧ ਪ੍ਰਭਾਵਿਤ ਦੱਸਿਆ ਜਾ ਰਿਹਾ ਹੈ, ਕਿਉਂਕਿ ਇੱਥੇ ਪਾਣੀ ਲਗਾਤਾਰ ਵਗ ਰਿਹਾ ਹੈ। ਏਸ਼ੀਆ ਦੇ ਸਭ ਤੋਂ ਲੰਬੇ ਔਲੀ ਰੋਪਵੇਅ ਦੇ ਹੇਠਾਂ ਇੱਕ ਵੱਡੀ ਤ੍ਰੇੜ ਸਾਹਮਣੇ ਆਉਣ ਤੋਂ ਬਾਅਦ ਇਸਨੂੰ ਰੋਕ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਜੋਸ਼ੀਮਠ ਪ੍ਰਮੁੱਖ ਹਿੰਦੂ ਅਤੇ ਸਿੱਖ ਧਾਰਮਿਕ ਸਥਾਨਾਂ ਜਿਵੇਂ ਕਿ ਬਦਰੀਨਾਥ ਅਤੇ ਹੇਮਕੁੰਟ ਸਾਹਿਬ ਦਾ ਗੇਟਵੇ ਹੈ। ਇਹ ਚੀਨ ਨਾਲ ਲੱਗਦੀ ਭਾਰਤ ਦੀ ਸਰਹੱਦ ਦੇ ਨੇੜੇ ਸਥਿਤ ਪ੍ਰਮੁੱਖ ਫੌਜੀ ਠਿਕਾਣਿਆਂ ਵਿੱਚੋਂ ਇੱਕ ਹੈ। ਜੋਸ਼ੀਮਠ ‘ਚ ਜ਼ਮੀਨ ਖਿਸਕਣ ਕਾਰਨ ਭਾਰਤ-ਚੀਨ ਸਰਹੱਦ ਨੂੰ ਜੋੜਨ ਵਾਲੀ ਜੋਸ਼ੀਮਠ-ਮਲਾਰੀ ਸਰਹੱਦੀ ਸੜਕ ‘ਤੇ ਕਈ ਥਾਵਾਂ ‘ਤੇ ਤਰੇੜਾਂ ਆ ਗਈਆਂ ਹਨ। ਬਦਰੀਨਾਥ ਨੈਸ਼ਨਲ ਹਾਈਵੇ ਦਾ ਵੱਡਾ ਹਿੱਸਾ ਜ਼ਮੀਨ ਖਿਸਕਣ ਦੀ ਲਪੇਟ ਵਿੱਚ ਹੈ।
ਇਹ ਵੀ ਪੜ੍ਹੋ : ਹੁਣ ਫਲਾਈਟ ‘ਚ ਏਅਰ ਹੋਸਟੈੱਸ ਨਾਲ ਬਦਸਲੂਕੀ, ਯਾਤਰੀ ਨੇ ਕੋਲ ਬੈਠਣ ਕਿਹਾ, ਅਸ਼ਲੀਲ ਗੱਲਾਂ ਕੀਤੀਆਂ
ਜੋਸ਼ੀਮਠ ਵਿੱਚ ਵੱਡੇ ਪੱਧਰ ‘ਤੇ ਉਸਾਰੀ ਕਾਰਜਾਂ ਦੇ ਚੱਲਦਿਆਂ ਇਮਾਰਤਾਂ ਵਿੱਚ ਤਰੇੜਾਂ ਬਾਰੇ ਚਿਤਾਵਨੀਆਂ ਨੂੰ ਅਣਗੌਲਿਆਂ ਕਰਨ ਲਈ ਸਥਾਨਕ ਲੋਕਾਂ ਵਿੱਚ ਸਰਕਾਰ ਵਿਰੁੱਧ ਭਾਰੀ ਰੋਸ ਹੈ। ਸਥਾਨਕ ਲੋਕ ਮੁੱਖ ਤੌਰ ‘ਤੇ ਇਮਾਰਤਾਂ ਦੀ ਖ਼ਤਰਨਾਕ ਹਾਲਤ ਲਈ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਟਿਡ (ਐਨਟੀਪੀਸੀ) ਦੇ ਤਪੋਵਨ-ਵਿਸ਼ਨੂੰਗੜ੍ਹ ਪ੍ਰਾਜੈਕਟ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਜੋਸ਼ੀਮਠ ਵਿੱਚ ਜ਼ਮੀਨ ਖਿਸਕਣ ਕਾਰਨ ਘਰਾਂ ਅਤੇ ਸੜਕਾਂ ਵਿੱਚ ਤਰੇੜਾਂ ਆਉਣ ਦੀ ਪੂਰੇ ਦੇਸ਼ ਵਿੱਚ ਚਰਚਾ ਹੈ। ਸੀਐਮ ਧਾਮੀ ਨੇ ਉੱਤਰਾਖੰਡ ਦੇ ਸੀਐਮਓ ਦੀ ਤਰਫੋਂ ਅਗਲੇ 6 ਮਹੀਨਿਆਂ ਤੱਕ ਹਰੇਕ ਪ੍ਰਭਾਵਿਤ ਪਰਿਵਾਰ ਨੂੰ 4000 ਰੁਪਏ ਪ੍ਰਤੀ ਮਹੀਨਾ ਸਹਾਇਤਾ ਦੇਣ ਦਾ ਐਲਾਨ ਕੀਤਾ। ਇਹ ਵਿੱਤੀ ਮਦਦ ਲੋਕਾਂ ਨੂੰ ਮਕਾਨ ਕਿਰਾਏ ‘ਤੇ ਦੇਣ ਲਈ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: