ਕੇਂਦਰੀ ਰਿਜ਼ਰਵ ਬੈਂਕ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੇਸ਼ ‘ਚ ਮਹਿੰਗਾਈ ਕੰਟਰੋਲ ‘ਚ ਨਹੀਂ ਹੈ। ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿਟ 2022 ਵਿੱਚ ਕੇਂਦਰੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮਹਿੰਗਾਈ ਵਧਣ ਦੇ ਕਾਰਨਾਂ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਰੁਪਿਆ, ਡਿਜੀਟਲ ਕਰੰਸੀ, ਵਿਦੇਸ਼ੀ ਮੁਦਰਾ ਭੰਡਾਰ ਸਮੇਤ ਅਰਥਵਿਵਸਥਾ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਗੱਲਬਾਤ ਕੀਤੀ।
ਸ਼ਕਤੀਕਾਂਤ ਦਾਸ ਨੇ ਕਿਹਾ ਕਿ ਵਿਸ਼ਵ ਆਰਥਿਕਤਾ ਤਣਾਅ ਦੇ ਦੌਰ ‘ਚੋਂ ਲੰਘ ਰਹੀ ਹੈ। ਉਨ੍ਹਾਂ ਨੇ ਇਸ ਸਥਿਤੀ ਲਈ ਮੁੱਖ ਤੌਰ ‘ਤੇ 3 ਕਾਰਨ ਦੱਸੇ ਹਨ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੋਵਿਡ ਮਹਾਮਾਰੀ ਕਾਰਨ ਪੈਦਾ ਹੋਏ ਸੰਕਟ, ਯੂਕਰੇਨ-ਰੂਸ ਵਿਚਾਲੇ ਜੰਗ ਅਤੇ ਵਿੱਤੀ ਬਾਜ਼ਾਰ ਕਾਰਨ ਭਾਰਤ ਸਮੇਤ ਵਿਸ਼ਵ ਅਰਥਚਾਰਾ ਤਣਾਅ ‘ਚ ਹੈ। ਆਰਬੀਆਈ ਗਵਰਨਰ ਨੇ ਕਿਹਾ ਕਿ ਇਸ ਵੇਲੇ ਦੇਸ਼ ਦੀ ਜੀਡੀਪੀ ਵਿਕਾਸ ਦਰ ਦੇ ਅੰਕੜੇ ਠੀਕ ਹਨ। ਭਾਰਤ ਦੀ ਅਰਥਵਿਵਸਥਾ ਗਲੋਬਲ ਪੱਧਰ ਦੇ ਮੁਕਾਬਲੇ ਤੇਜ਼ੀ ਨਾਲ ਵਧ ਰਹੀ ਹੈ। ਮਹਿੰਗਾਈ ਦੇ ਅੰਕੜੇ ਵੀ ਹੁਣ ਹੌਲੀ-ਹੌਲੀ ਕਾਬੂ ਕੀਤੇ ਜਾ ਰਹੇ ਹਨ।
ਉਨ੍ਹਾਂ ਉਮੀਦ ਪ੍ਰਗਟਾਈ ਕਿ ਅਕਤੂਬਰ ਦੇ ਮਹਿੰਗਾਈ ਦੇ ਅੰਕੜੇ ਸਤੰਬਰ ਦੇ ਮੁਕਾਬਲੇ ਰਾਹਤ ਦੇਣ ਵਾਲੇ ਹੋਣਗੇ। ਆਰਬੀਆਈ ਗਵਰਨਰ ਨੇ ਕਿਹਾ ਕਿ ਅਕਤੂਬਰ ਵਿੱਚ ਪ੍ਰਚੂਨ ਮਹਿੰਗਾਈ ਦਰ 7 ਫੀਸਦੀ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ। ਸ਼ਕਤੀਕਾਂਤ ਦਾਸ ਨੇ ਇਹ ਵੀ ਕਿਹਾ ਕਿ ਜੇਕਰ ਮਹਿੰਗਾਈ ਲਗਾਤਾਰ ਤਿੰਨ ਤਿਮਾਹੀਆਂ ਲਈ 6 ਫੀਸਦੀ ਤੋਂ ਉੱਪਰ ਹੈ, ਤਾਂ ਇਹ ਮੁਦਰਾ ਨੀਤੀ ਦੀ ਅਸਫਲਤਾ ਹੈ।
ਰਿਜ਼ਰਵ ਬੈਂਕ ਐਕਟ ਦੇ ਤਹਿਤ ਜੇ ਲਗਾਤਾਰ ਤਿੰਨ ਤਿਮਾਹੀਆਂ ਤੱਕ ਮੁਦਰਾਸਫੀਤੀ ਲਈ ਨਿਰਧਾਰਤ ਟੀਚਾ ਪ੍ਰਾਪਤ ਨਹੀਂ ਹੁੰਦਾ ਹੈ, ਤਾਂ ਆਰਬੀਆਈ ਨੂੰ ਕੇਂਦਰ ਸਰਕਾਰ ਨੂੰ ਇਸ ਦੇ ਕਾਰਨ ਅਤੇ ਮਹਿੰਗਾਈ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਰਿਪੋਰਟ ਦੇਣੀ ਹੋਵੇਗੀ। 2016 ਵਿੱਚ ਮੌਦਰਿਕ ਨੀਤੀ ਢਾਂਚੇ ਦੇ ਲਾਗੂ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੇਂਦਰ ਸਰਕਾਰ ਨੂੰ ਰਿਪੋਰਟ ਸੌਂਪਣੀ ਪਈ ਹੈ।
ਇਹ ਵੀ ਪੜ੍ਹੋ : ‘ਮੈਂ ਰੋਜ਼ 2-3 ਕਿਲੋ ਗਾਲ੍ਹਾਂ ਖਾਂਦਾਂ, ਇਸੇ ਕਰਕੇ ਥੱਕਦਾ ਨਹੀਂ’, ਤੇਲੰਗਾਨਾ ‘ਚ ਬੋਲੇ PM ਮੋਦੀ
ਸ਼ਕਤੀਕਾਂਤ ਦਾਸ ਨੇ ਕਿਹਾ ਕਿ ਇਸ ਸਮੇਂ ਵੀ ਸਾਡੇ ਵਿਦੇਸ਼ੀ ਮੁਦਰਾ ਭੰਡਾਰ ਬਹੁਤ ਵਧੀਆ ਸਥਿਤੀ ਵਿੱਚ ਹਨ। ਬਦਲਦੇ ਆਲਮੀ ਹਾਲਾਤਾਂ ਕਰਕੇ ਰੁਪਿਆ ਕਮਜ਼ੋਰ ਹੋਇਆ ਅਤੇ ਕੇਂਦਰੀ ਰਿਜ਼ਰਵ ਬੈਂਕ ਦੇ ਦਖਲ ਦੀ ਲੋੜ ਸੀ।
ਆਰਬੀਆਈ ਗਵਰਨਰ ਨੇ ਕਿਹਾ ਕਿ ਦੁਨੀਆ ਬਦਲ ਰਹੀ ਹੈ, ਕਾਰੋਬਾਰ ਕਰਨ ਦਾ ਤਰੀਕਾ ਬਦਲ ਰਿਹਾ ਹੈ। ਤੁਹਾਨੂੰ ਸਮੇਂ ਦੇ ਨਾਲ ਤਾਲਮੇਲ ਰੱਖਣਾ ਹੋਵੇਗਾ। ਕਾਗਜ਼ੀ ਨੋਟਾਂ ਦੀ ਛਪਾਈ, ਛਪਾਈ ਦੀ ਲਾਗਤ, ਕਾਗਜ਼ ਦੀ ਖਰੀਦ, ਲੌਜਿਸਟਿਕਸ, ਸਟੋਰੇਜ ਆਦਿ ਵਿੱਚ ਖਰਚੇ ਵੱਧ ਹਨ। ਡਿਜੀਟਲ ਕਰੰਸੀ ਅੱਗੇ ਜਾ ਕੇ ਘੱਟ ਮਹਿੰਗੀ ਹੋਵੇਗੀ। ਇਹ ਕਰਾਸ ਬਾਰਡਰ ਲੈਣ-ਦੇਣ ਅਤੇ ਸਰਹੱਦ ਪਾਰ ਭੁਗਤਾਨ ਲਈ ਬਹੁਤ ਮਹੱਤਵਪੂਰਨ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: