ਚੰਡੀਗੜ੍ਹ : ਬਾਗੀ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਦੀ ਮੰਗ ਤੋਂ ਬਾਅਦ ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਨੂੰ ਅਹੁਦੇ ਤੋਂ ਹਟਾ ਕੇ 1993 ਬੈਚ ਦੇ ਆਈਏਐਸ ਅਨੁਰਾਗ ਵਰਮਾ ਨੂੰ ਪ੍ਰਮੁੱਖ ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ, ਪੰਜਾਬ ਨਿਯੁਕਤ ਕੀਤਾ ਗਿਆ ਹੈ।
ਉਹ ਅਨੁਰਾਗ ਅਗਰਵਾਲ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਬਿਜਲੀ ਦੇ ਵਧੀਕ ਮੁੱਖ ਸਕੱਤਰ ਤੋਂ ਇਲਾਵਾ ਵਧੀਕ ਮੁੱਖ ਸਕੱਤਰ, ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਅਤੇ ਇਸ ਤੋਂ ਇਲਾਵਾ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ, ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਅਤੇ ਵਧੀਕ ਮੁੱਖ ਸਕੱਤਰ, ਸਾਇੰਸ ਟੈਕਨਾਲੌਜੀ ਅਤੇ ਵਾਤਾਵਰਣ ਅਤੇ ਇਸ ਤੋਂ ਇਲਾਵਾ ਮਿਸ਼ਨ ਡਾਇਰੈਕਟਰ, ਤੰਦਰੁਸਤ ਪੰਜਾਬ ਵਜੋਂ ਨਿਯੁਕਤ ਕੀਤਾ ਗਿਆ ਹੈ।
ਅਨੁਰਾਗ ਅਗਰਵਾਲ 1987 ਬੈਚ ਦੇ ਆਈਏਐਸ ਅਧਿਕਾਰੀ ਹਨ। ਦੱਸ ਦੇਈਏ ਕਿ ਬਾਗੀ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੰਜਾਬ ਸਰਕਾਰ ਤੋਂ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਹਾਈਕੋਰਟ ਵੱਲੋਂ ਗ੍ਰਿਫਤਾਰੀ ਦੀ ਰਿਹਾਈ ਦੇ ਹੁਕਮਾਂ ਤੋਂ ਤੁਰੰਤ ਬਾਅਦ ਰਾਜ ਦੇ ਗ੍ਰਹਿ ਸਕੱਤਰ ਤੋਂ ਇਲਾਵਾ ਡੀਜੀਪੀ (ਵਿਜੀਲੈਂਸ) ਅਤੇ ਐਡਵੋਕੇਟ ਜਨਰਲ ਨੂੰ ਹਟਾਉਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀਰਵਾਰ ਅੱਧੀ ਰਾਤ ਨੂੰ ਸੈਣੀ ਦੀ ਭ੍ਰਿਸ਼ਟਾਚਾਰ ਅਤੇ ਜਾਅਲਸਾਜ਼ੀ ਦੇ ਮਾਮਲੇ ਵਿੱਚ ਰਾਜ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੇ 24 ਘੰਟਿਆਂ ਬਾਅਦ ਹੀ ਉਸ ਦੀ ਗ੍ਰਿਫਤਾਰੀ ਨੂੰ “ਗੈਰਕਨੂੰਨੀ” ਦੱਸਦਿਆਂ “ਤੁਰੰਤ ਰਿਹਾਈ” ਦਾ ਆਦੇਸ਼ ਦਿੱਤਾ ਸੀ। ਸੈਣੀ ਨੂੰ ਮੋਹਾਲੀ ਅਦਾਲਤ ਨੇ ਸ਼ੁੱਕਰਵਾਰ ਸਵੇਰੇ ਕਰੀਬ 2 ਵਜੇ ਰਿਹਾਅ ਕੀਤਾ।
ਇਹ ਵੀ ਪੜ੍ਹੋ : ਜਨਮ ਅਸ਼ਟਮੀ ‘ਤੇ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ- ਤਰਨਤਾਰਨ ‘ਚ ਹੈਂਡ ਗ੍ਰੇਨੇਡਾਂ ਸਣੇ ਇੱਕ ਕਾਬੂ
ਜ਼ਿਕਰਯੋਗ ਹੈ ਕਿ ਰੰਧਾਵਾ ਚੋਣਾਂ ਦੇ ਪੂਰੇ ਨਾ ਕੀਤੇ ਵਾਅਦਿਆਂ ਖਾਸ ਕਰਕੇ 2015 ਦੇ ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੇ ਮਾਮਲਿਆਂ ਵਿੱਚ ਕਾਰਵਾਈ ਵਿੱਚ ਦੇਰੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਆਲੋਚਨਾ ਕਰਦੇ ਰਹੇ ਹਨ। ਉਹ ਉਨ੍ਹਾਂ ਸੀਨੀਅਰ ਮੰਤਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਨਾਲ ਟਕਰਾਅ ਵਿੱਚ ਸਿੱਧੂ ਦਾ ਸਮਰਥਨ ਕੀਤਾ ਸੀ।