ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੱਤਾ ਬਰਕਰਾਰ ਰਹੇਗੀ ਜਾਂ ਜਾਏਗੀ, ਇਸ ਦਾ ਫੈਸਲਾ ਐਤਵਾਰ ਨੂੰ ਹੋਵੇਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਸ਼ਣ ਦਿੰਦੇ ਹੋਏ ਨਿਰਪੱਖ ਵਿਦੇਸ਼ ਨੀਤੀ ਦੀ ਲੋੜ ਬਾਰੇ ਗੱਲ ਕਰਦਿਆਂ ਭਾਰਤ ਦਾ ਵੀ ਨਾਂ ਲਿਆ। ਰੂਸ ਦੌਰੇ ਨੂੰ ਲੈ ਕੇ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਅਮਰੀਕਾ ‘ਤੇ ਵੀ ਉਨ੍ਹਾਂ ਗੁੱਸਾ ਕੱਢਿਆ।
ਇਮਰਾਨ ਖਾਨ ਨੇ ਕਿਹਾ ਕਿ ਇੱਕ ਸਾਡੇ ਵੱਡੇ ਤਾਕਤਵਰ ਮੁਲਕ ਨੇ ਕਿਹਾ ਕਿ ਤੁਸੀਂ ਰੂਸ ਕਿਉਂ ਚਲੇ ਗਏ। ਇੱਕ ਮੁਲਕ ਨੂੰ ਕਹਿ ਰਹੇ ਹੋ ਕਿ ਤੁਸੀਂ ਰੂਸ ਦਾ ਦੌਰਾ ਕਿਉਂ ਕੀਤਾ ਤੇ ਗੁੱਸਾ ਹੋ ਗਏ। ਹਿੰਦੁਸਤਾਨ ਜਿਹੜਾ ਉਨ੍ਹਾਂ ਦਾ ਸਾਥੀ ਹੈ ਕਵਾਡ ਦੇ ਅੰਦਰ, ਉਸ ਦੀ ਪੂਰੀ ਮਦਦ ਕਰ ਰਹੇ ਨੇ ਉਹ। ਜੋ ਨਾ ਸਿਰਫ ਰੂਸ ਦੇ ਨੇੜੇ ਹੈ ਸਗੋਂ ਉਸ ਤੋਂ ਤੇਲ ਵੀ ਲੈ ਰਹੇ ਹਨ। ਮੈਂ ਅੱਜ ਬ੍ਰਿਟੇਨ ਦੇ ਵਿਦੇਸ਼ ਮੰਤਰੀ ਦਾ ਬਿਆਨ ਪੜ੍ਹ ਰਿਹਾ ਸੀ ਕਿ ਅਸੀਂ ਹਿੰਦੁਸਤਾਨ ਨੂੰ ਨਹੀਂ ਕਹਿ ਸਕਦੇ, ਕਿਉਂਕਿ ਉਨ੍ਹਾਂ ਦੀ ਸੁਤੰਤਰ ਵਿਦੇਸ਼ ਨੀਤੀ ਹੈ, ਉਹ ਆਜ਼ਾਦ ਦੇਸ਼ ਹੈ, ਤਾਂ ਅਸੀਂ ਕੀ ਹਾਂ?
ਪੀ.ਐੱਮ. ਇਮਰਾਨ ਨੇ ਕਿਹਾ ਕਿ ਸੁਤੰਤਰ ਵਿਦੇਸ਼ ਨੀਤੀ ਕਿਉਂ ਜ਼ਰੂਰੀ ਹੈ? ਸਾਡੀ ਵਿਦੇਸ਼ ਨੀਤੀ ਸੁਤੰਤਰ ਰਹੀ ਹੀ ਨਹੀਂ। ਸ਼ੁਰੂ ਵਿੱਚ ਸਹੀ ਸੀ, ਜਦੋਂ ਪਾਕਿਸਤਾਨ ਬਣਿਆ ਤਾਂ ਦਿਵਾਲੀਆ ਸੀ, ਸ਼ਰਣਾਰਥੀ ਸਣੇ ਕਈ ਸਮੱਸਿਆਵਾਂ ਸਨ, ਪਰ ਇਸ ਨਾਲ ਜੋ ਨਿਰਭਰਤਾ ਵਧੀ, ਉਸ ਨਾਲ ਪਾਕਿਸਤਾਨ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ। ਸਾਰੇ ਏਸ਼ੀਆ ਵਿੱਚ 60 ਦੇ ਦਹਾਕੇ ਵਿੱਚ ਪਾਕਿਸਤਾਨ ਦੀ ਡਿਵੈਲਪਮੈਂਟ ਮਾਡਲ ਵਜੋਂ ਮਿਸਾਲ ਦਿੱਤੀ ਜਾਂਦੀ ਸੀ ਪਰ ਉਹ ਆਪਣੀ ਸਮਰੱਥਾ ਨੂੰ ਹਾਸਲ ਨਹੀਂ ਕਰ ਸਕਿਆ।
ਦੱਸ ਦੇਈਏ ਕਿ ਇਮਰਾਨ ਖਾਨ 24 ਫਰਵਰੀ ਨੂੰ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੂੰ ਮਿਲਣ ਮਾਸਕੋ ਗਏ ਸਨ। ਇਸੇ ਦਿਨ ਪੁਤਿਨ ਨੇ ਯੂਕਰੇਨ ਖਿਲਾਫ ਹਮਲੇ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਉਹ ਇੱਕ ਵਿਸ਼ੇਸ਼ ਫੌਜੀ ਮੁਹਿੰਮ ਕਹਿੰਦੇ ਹਨ। ਰੂਸ ਦਾ ਯੂਕਰੇਨ ‘ਤੇ ਇਹ ਹਮਲਾ ਅਜੇ ਵੀ ਜਾਰੀ ਹੈ ਤੇ ਸੰਕਟ ਦੀ ਸਥਿਤੀ ਬਣੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਸ਼ੁੱਕਰਵਾਰ ਨੂੰ ਇੰਟਰਵਿਊ ਦੌਰਾਨ ਇਮਰਾਨ ਖਾਨ ਨੇ ਭਾਰਤ ਨੂੰ ਇੱਕ ਖੁੱਦਾਰ ਕੌਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਮਰੀਕਾ ਤੇ ਚੀਨ ਵਿਚਾਲੇ ਸ਼ੀਤ ਯੁੱਧ ਚੱਲਦਾ ਰਿਹਾ, ਭਾਰਤ ਨੇ ਕਿਸੇ ਦਾ ਪੱਖ ਨਹੀਂ ਲਿਆ। ਅੱਜ ਭਾਰਤ ਦੀ ਵਿਦੇਸ਼ ਨੀਤੀ ਕਰਕੇ ਦੁਨੀਆ ਭਰ ਵਿੱਚ ਉਸ ਦੇ ਪਾਸਪੋਰਟ ਦੀ ਕੀਮਤ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪੈਸਿਆਂ ਲਈ ਇੱਕ ਧਿਰ ਤੋਂ ਦੂਜੀ ਧਿਰ ਵੱਲ ਆਉਂਦਾ-ਜਾਂਦਾ ਰਿਹਾ। ਅੱਜ ਸਾਡੇ ਪਾਸਪੋਰਟ ਦਾ ਕੋਈ ਸਨਮਾਨ ਨਹੀਂ ਰਹਿ ਗਿਆ ਹੈ।