ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ਝੂਠ ਬੋਲ ਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਕੇਜਰੀਵਾਲ ਸਰਕਾਰ ਨੇ ਪ੍ਰੋ. ਭੁੱਲਰ ਦੀ ਰਿਹਾਈ ਦਾ ਜ਼ੋਰਦਾਰ ਵਿਰੋਧ ਕੀਤਾ ਹੈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਦੀ ਸਿਹਤ ਬੇਹੱਦ ਨਾਜ਼ੁਕ ਦੌਰ ‘ਚ ਹੈ ਤੇ ਉਨ੍ਹਾਂ ਨੂੰ ਚੱਲਣ ਫਿਰਨ ਵਾਸਤੇ ਵੀ ਸਹਾਰੇ ਦੀ ਜ਼ਰੂਰਤ ਪੈਂਦੀ ਹੈ, ਦੀ ਰਿਹਾਈ ਦਾ ਕੇਜਰੀਵਾਲ ਸਰਕਾਰ ਨੇ ਵਿਰੋਧ ਕੀਤਾ ਹੈ ਤੇ ਉਨ੍ਹਾਂ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਦੀ ਅਗਵਾਈ ਹੇਠ ਬਣੀ ਕਮੇਟੀ ਵੱਲੋਂ ਪ੍ਰੋ. ਭੁੱਲਰ ਦੀ ਰਿਹਾਈ ਦਾ ਇਹ ਕਹਿ ਕੇ ਵਿਰੋਧ ਕੀਤਾ ਹੈ ਕਿ ਪ੍ਰੋ. ਭੁੱਲਰ ਦੀ ਰਿਹਾਈ ਪੰਜਾਬ ਤੇ ਦੇਸ਼ ਦੀ ਅਮਨ ਸ਼ਾਂਤੀ ਲਈ ਖ਼ਤਰਾ ਹੈ ਤੇ ਜੇਕਰ ਇਨ੍ਹਾਂ ਨੂੰ ਰਿਹਾਅ ਕੀਤਾ ਤਾਂ ਦੇਸ਼ ਦੀ ਅਮਨ ਸ਼ਾਂਤੀ ਨੂੰ ਲਾਂਬੂ ਲੱਗ ਸਕਦਾ ਹੈ।
ਬੈਂਸ ਨੇ ਕਿਹਾ ਕਿ ਇਸ ਕਮੇਟੀ ਨੇ ਕੁੱਲ 7 ਬੰਦੀਆਂ ਬਾਰੇ ਫੈਸਲਾ ਲਿਆ ਹੈ ਜਿਸ ਵਿਚੋਂ 6 ਕੈਦੀਆਂ ਬਾਰੇ ਫੈਸਲਾ ਉਨ੍ਹਾਂ ਦੀ ਸਬੰਧਤ ਰਾਜ ਸਕਰਾਰ ’ਤੇ ਛੱਡ ਦਿੱਤਾ ਤੇ ਅੱਗੋਂ ਇਨ੍ਹਾਂ ਸਰਕਾਰਾਂ ਨੇ ਆਪੋ ਆਪਣੇ ਰਾਜ ਦੇ ਕੈਦੀ ਰਿਹਾਅ ਕਰਨ ਦਾ ਫੈਸਲਾ ਲਿਆ ਜਦੋਂ ਕਿ ਪ੍ਰੋ. ਭੁੱਲਰ ਦੀ ਰਿਹਾਈ ਦਾ ਸਤਿੰਦਰ ਜੈਨ ਦੀ ਅਗਵਾਈ ਵਾਲੀ ਕਮੇਟੀ ਨੇ ਪੁਰਜ਼ੋਰ ਵਿਰੋਧ ਕੀਤਾ ਤੇ ਉਨ੍ਹਾਂ ਦੀ ਰਿਹਾਈ ਨੂੰ ਦੇਸ਼ ਲਈ ਖ਼ਤਰਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਇਕ ਵਿਅਕਤੀ ਜਿਸਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ, ਉਸ ਬਾਰੇ ਕੇਜਰੀਵਾਲ ਸਰਕਾਰ ਇਹ ਰਵੱਈਆ ਅਪਣਾ ਰਹੀ ਹੈ। ਸ੍ਰੀ ਬੈਂਸ ਨੇ ਸ੍ਰੀ ਕੇਜਰੀਵਾਲ ਨੁੰ ਚੁਣੌਤੀ ਦਿੱਤੀ ਕਿ ਜਾਂ ਤਾਂ ਉਹ 24 ਘੰਟਿਆਂ ਦੇ ਅੰਦਰ-ਅੰਦਰ ਪ੍ਰੋ. ਭੁੱਲਰ ਦੀ ਰਿਹਾਈ ਦਾ ਫੈਸਲਾ ਲੈਣ ਨਹੀਂ ਤਾਂ ਪ੍ਰੋ. ਭੁੱਲਰ ਦੇ ਮਾਮਲੇ ਨਾਲ ਸਬੰਧਤ ਸਾਰੇ ਦਸਤਾਵੇਜ਼ ਜਨਤਕ ਕਰਕੇ ਵਿਖਾਉਣ ਜਿਸ ਤੋਂ ਉਹਨਾਂ ਦੀ ਅਸਲੀਅਤ ਜੱਗ ਜ਼ਾਹਰ ਹੋ ਜਾਣਗੇ।
ਕੇਜਰੀਵਾਲ ਸਰਕਾਰ ਵੱਲੋਂ ਸਿੱਖਿਆ ਖੇਤਰ ਨੂੰ ਦਿੱਲੀ ਵਿਚ ਤਬਾਹ ਕਰਨ ਦਾ ਦੋਸ਼ ਲਾਉਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਹਰ ਸਾਲ 500 ਸਕੂਲ ਖੋਲ੍ਹਣ ਦਾ ਵਾਅਦਾ ਕੀਤਾ ਸੀ ਜਦੋਂ ਕਿ 4 ਸਾਲਾਂ ਵਿਚ ਸਿਫਰ 19 ਸਕੂਲ ਕੌਮੀ ਰਾਜਧਾਨੀ ਵਿਚ ਬਣਾਏ ਹਨ। ਉਨ੍ਹਾਂ ਕਿਹਾ ਕਿ ਜਦੋਂ ਕੇਜਰੀਵਾਲ ਸਰਕਾਰ ਦੀ ਪੋਲ ਖੁਲ੍ਹ ਗਈ ਤਾਂ ਇਸਨੇ 20 ਹਜ਼ਾਰ ਕਲਾਸ ਰੂਮ ਬਣਾਉਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਕੇਜਰੀਵਾਲ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਸਰਕਾਰੀ ਸਕੂਲਾਂ ਵਿਚ ਨਵੇਂ ਵਿਦਿਆਰਥੀਆਂ ਦੀ ਦਾਖਲਾ ਦਰ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਤੇ 113 ਦੀ ਕੌਮੀ ਔਸਤ ਦੇ ਮੁਕਾਬਲੇ ਦਿੱਲੀ ਦੇ ਸਕੂਲਾਂ ਵਿਚ ਭਰਤੀ ਦਰ ਸਿਰਫ 69 ਰਹਿ ਗਈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਬੈਂਸ ਨੇ ਸਕੂਲਾਂ ਵਿਚ ਅਧਿਆਪਕਾਂ ਦੀ ਭਰਤੀ ਸਮੇਤ ਸਿੱਖਿਆ ਖੇਤਰ ਵਿਚ ਹੋਏ ਹੋਰ ਨੁਕਸਾਨ ਦੇ ਅੰਕੜੇ ਵੀ ਜਨਤਕ ਕੀਤੇ ਤੇ ਸਿੱਧ ਕੀਤਾ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਸਿੱਖਿਆ ਖੇਤਰ ਦਾ ਵੱਡਾ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਜਦੋਂ ਕੇਜਰੀਵਾਲ ਸਰਕਾਰ ਦਿੱਲੀ ਵਿਚ ਫੇਲ੍ਹ ਸਾਬਤ ਹੋਈ ਹੈ ਤਾਂ ਫਿਰ ਇਹ ਕਿਹੜਾ ਦਿੱਲੀ ਮਾਡਲ ਪੰਜਾਬ ਵਿਚ ਲਾਗੂ ਕਰਨ ਦੀ ਗੱਲ ਕਰ ਰਹੀ ਹੈ ? ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਕੇਜਰੀਵਾਲ ਹੁਣ ਬੇਨਕਾਬ ਹੋ ਗਏ ਹਨ ਤੇ ਪੰਜਾਬੀ ਉਨ੍ਹਾਂ ਦੇ ਲਾਅਰਿਆਂ ਵਿਚ ਨਹੀਂ ਆਉਣ ਵਾਲੇ। ਇਸ ਲਈ ਮੌਜੂਦਾ ਚੋਣਾਂ ਵਿਚ ਆਪ ਦਾ ਸਫਾਇਆ ਤੈਅ ਹੈ।