ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਅੱਜ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਅੱਗੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਅਣਮਿੱਥੇ ਸਮੇਂ ਲਈ ਮੋਰਚਾ ਲਾ ਲਿਆ ਹੈ। ਇਸ ਮੋਰਚੇ ਵਿੱਚ ਸੈਂਕੜੇ ਔਰਤਾਂ ਸਣੇ ਪੰਜਾਬ ਭਰ ਤੋਂ ਹਜ਼ਾਰਾਂ ਕਿਸਾਨ ਮਜ਼ਦੂਰ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।
ਸਟੇਜ ਦੇ ਅੱਗੇ ਅਤੇ ਪਿੱਛੇ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਅਤੇ ਹੋਰ ਗੱਡੀਆਂ ਦੂਰ-ਦੂਰ ਤੱਕ ਖੜ੍ਹੀਆਂ ਸਨ ਅਤੇ ਲੰਗਰ ਵਰਤਾਇਆ ਜਾ ਰਿਹਾ ਸੀ। ਪੰਡਾਲ ਵਿੱਚ ਮੰਗਾਂ ਦੇ ਬੈਨਰ ਤੋਂ ਇਲਾਵਾ ਮੰਚ ਦੇ ਇੱਕ ਪਾਸੇ ਨਰਿੰਦਰ ਮੋਦੀ ਅਤੇ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਵੀ ਰੱਖੇ ਗਏ ਹਨ, ਜੋ ਮਾਰਚ ਦੀ ਸਮਾਪਤੀ ਤੋਂ ਬਾਅਦ ਫੂਕੇ ਜਾਣਗੇ।
ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੋਰਚਾ ਸੀ.ਐਮ ਮਾਨ ਵੱਲੋਂ 7 ਅਕਤੂਬਰ ਨੂੰ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਮਨਜ਼ੂਰ ਕੀਤੀਆਂ ਮੰਗਾਂ ਨੂੰ ਲਾਗੂ ਕਰਵਾਉਣ ਤੱਕ ਦਿਨ-ਰਾਤ ਜਾਰੀ ਰਹੇਗਾ।
ਇਨ੍ਹਾਂ ਮੰਗਾਂ ਵਿੱਚ ਕਈ ਜ਼ਿਲ੍ਹਿਆਂ ਵਿੱਚ ਗੁਲਾਬੀ ਕੀੜਿਆਂ, ਕੀਟਨਾਸ਼ਕਾਂ ਜਾਂ ਭਾਰੀ ਮੀਂਹ ਕਰਕੇ ਤਬਾਹ ਹੋਏ ਘਰਾਂ ਅਤੇ ਫਸਲਾਂ ਸਮੇਤ ਨੁਕਸਾਨੇ ਗਏ ਘਰਾਂ ਲਈ ਕਿਸਾਨਾਂ-ਮਜ਼ਦੂਰਾਂ ਨੂੰ ਪੂਰਾ ਮੁਆਵਜ਼ਾ ਵੰਡਣਾ ਸ਼ਾਮਲ ਹੈ।
ਇਸ ਦੇ ਨਾਲ ਹੀ ਗੁਆਰੀ, ਮੂੰਗਫਲੀ ਅਤੇ ਝੋਨੇ ਦੀ ਫ਼ਸਲ ਜੋ ਕਿ ਵਾਇਰਲ ਬੀਮਾਰੀ ਨਾਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ, ਨੂੰ ਤੁਰੰਤ ਵਿਸ਼ੇਸ਼ ਨਿਗਰਾਨੀ ਹੇਠ ਲਿਆ ਜਾਵੇ ਅਤੇ ਔਸਤ ਝਾੜ ਦੇ ਬਰਾਬਰ ਪੂਰਾ ਮੁਆਵਜ਼ਾ ਦਿੱਤਾ ਜਾਵੇ। ਪ੍ਰਦੂਸ਼ਣ ਦਾ ਗੜ੍ਹ ਬਣ ਚੁੱਕੀ ਜ਼ੀਰਾ ਨੇੜੇ ਚੱਲ ਰਹੀ ਸ਼ਰਾਬ ਦੀ ਫੈਕਟਰੀ ਨੂੰ ਤੁਰੰਤ ਬੰਦ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: