ਹਰਮਨਪ੍ਰੀਤ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਸਾਊਥ ਅਫਰੀਕਾ ਵਿਚ ਚੱਲ ਰਹੇ ਵੂਮੈਨਸ ਟੀ-20 ਵਰਲਡ ਕੱਪ ਵਿਚ ਵੈਸਟਇੰਡੀਜ਼ ‘ਤੇ 6 ਵਿਕਟਾਂ ਦੀ ਆਸਾਨ ਜਿੱਤ ਦਰਜ ਕੀਤੀ। ਇਹ ਭਾਰਤ ਦੀ ਟੀ-20 ਕ੍ਰਿਕਟ ਵਿਚ ਵੈਸਟਇੰਡੀਜ਼ ‘ਤੇ ਲਗਾਤਾਰ 8ਵੀਂ ਜਿੱਤ ਹੈ। ਇਹ ਭਾਰਤ ਦੀ ਇਸ ਵਰਲਡ ਕੱਪ ਵਿਚ ਲਗਾਤਾਰ ਦੂਜੀ ਜਿੱਤ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਸੈਮੀਫਾਈਨਲ ਦੇ ਨੇੜੇ ਪਹੁੰਚ ਗਈ ਹੈ। ਭਾਰਤ ਦਾ ਅਗਲਾ ਮੁਕਾਬਲਾ 18 ਫਰਵਰੀ ਨੂੰ ਇੰਗਲੈਂਡ ਨਾ ਹੋਵੇਗਾ।
ਕੇਪਟਾਊਨ ਦੇ ਮੈਦਾਨ ‘ਤੇ ਵੈਸਟਇੰਡੀਜ਼ ਨੇ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਕਰਦੇ ਹੋਏ 20 ਓਵਰਾਂ ਵਿਚ 6 ਵਿਕਟਾਂ ‘ਤੇ 118 ਦੌੜਾਂ ਬਣਾਈਆਂ। ਟੀਮ ਵੱਲੋਂ ਸਟੇਫਿਨੀ ਟੇਲਰ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ ਜਦੋਂ ਕਿ ਸ਼ੇਮਾਇਨ ਕੈਂਪਬੇਲ ਨੇ 30 ਦੌੜਾਂ ਦਾ ਯੋਗਦਾਨ ਦਿੱਤਾ। ਦੂਜੇ ਪਾਸੇ ਕਪਤਾਨ ਹੇਲੀ ਮੈਥਿਊਜ (2 ਦੌੜਾਂ) ਬਣਾ ਕੇ ਜਲਦ ਆਊਟ ਹੋ ਗਈ। ਦੀਪਤੀ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਉਹ ਪਲੇਅਰ ਆਫ ਦਿ ਮੈਚ ਚੁਣੀ ਗਈ।
ਜਵਾਬ ਵਿਚ ਟੀਮ ਇੰਡੀਆ ਨੇ 4 ਵਿਕਟਾਂ ਗੁਆ ਕੇ 19ਵੇਂ ਓਵਰ ਵਿਚ ਜਿੱਤ ਲਈ ਜ਼ਰੂਰੀ ਦੌੜਾਂ ਬਣਾ ਲਈਆਂ। ਕਪਤਾਨ ਹਰਮਨਪ੍ਰੀਤ ਕੌਰ ਤੇ ਰਿਚਾ ਘੋਸ਼ ਨੇ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ ਤੇ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਦੋਵਾਂ ਨੇ ਚੌਥੇ ਵਿਕਟ ਲਈ 72 ਦੌੜਾਂ ਜੋੜੀਆਂ।ਕੌਰ ਨੇ 33 ਤੇ ਰਿਚਾ ਘੋਸ਼ ਨੇ 44 ਦੌੜਾਂ ਬਣਾਈਆਂ।
ਵੈਸਟਇੰਡੀਜ਼ ਵੱਲੋਂ ਕ੍ਰਿਸ਼ਮਾ ਰਾਮਹਰਕ ਨੇ ਦੋ ਵਿਕਟ ਲਏ ਜਦੋਂ ਕਿ ਹੇਲੀ ਮੈਥਿਊਜ ਤੇ ਚਿਨੇਲੇ ਹੇਨਰੀ ਨੂੰ ਇਕ ਵਿਕਟ ਮਿਲਿਆ। ਓਪਨਰ ਸ਼ੇਫਾਲੀ ਵਰਮਾ ਤੇ ਸਮ੍ਰਿਤੀ ਮੰਧਾਨਾ ਨੇ ਟੀਮ ਇੰਡੀਆ ਨੂੰ ਤੇਜ਼ ਸ਼ੁਰੂਆਤ ਦਿਵਾਈ। ਭਾਰਤੀ ਟੀਮ ਨੇ ਸ਼ੁਰੂ ਦੇ ਦੋ ਓਵਰਾਂ ਵਿਚ 28 ਦੌੜਾਂ ਬਣਾਈਆਂ। ਹਾਲਾਂਕਿ ਇਹ ਜੋੜੀ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕੀ ਤੇ ਮੰਧਾਨਾ 32 ਦੌੜਾਂ ਦੇ ਟੀਮ ਸਕੋਰ ‘ਤੇ ਪਵੇਲੀਅਨ ਪਰਤ ਗਈ। ਸ਼ੇਫਾਲੀ ਵਰਮਾ ਨੇ 28 ਦੌੜਾਂ ਦੀ ਪਾਰੀ ਖੇਡੀ।
ਵੈਸਟਇੰਡੀਜ਼ ਨੇ ਭਾਰਤ ਨੂੰ 119 ਦੌੜਾਂ ਦਾ ਟਾਰਗੈੱਟ ਦਿੱਤਾ। ਭਾਰਤੀ ਟੀਮ ਵੱਲੋਂ ਸਪਿਨਰ ਦੀਪਤੀ ਸ਼ਰਮਾ ਨੇ ਤਿੰਨ ਵਿਕਟਾਂ ਲਈਆਂ। ਉਨ੍ਹਾਂ ਦੇ ਟੀ-20 ਇੰਟਰਨੈਸ਼ਨਲ ਵਿਚ 100 ਵਿਕਟਾਂ ਹੋ ਗਈਆਂ ਹਨ। ਦੀਪਕੀ ਨੇ ਅਫੀ ਪਲੇਚਰ (0 ਦੌੜਾਂ), ਸਟੇਫਿਨੀ ਟੇਲਰ (42 ਦੌੜਾਂ) ਤੇ ਸ਼ੇਮਾਇਨ ਕੈਂਪਬੇਲ (30 ਦੌੜਾਂ) ਦੇ ਵਿਕਟ ਲਏ। ਦੀਪਤੀ ਤੋਂ ਇਲਾਵਾ ਰੇਣੁਕਾ ਤੇ ਪੂਜਾ ਵਸਤਰਾਕਰ ਨੂੰ 1-1 ਵਿਕਟ ਮਿਲਿਆ।
ਵੀਡੀਓ ਲਈ ਕਲਿੱਕ ਕਰੋ -: