ਕੈਨੇਡਾ ‘ਚ 700 ਭਾਰਤੀ ਵਿਦਿਆਰਥੀਆਂ ‘ਤੇ ਦੇਸ਼ ਨਿਕਾਲੇ ਦੇ ਖਤਰਾ ਮੰਡਰਾ ਰਿਹਾ ਹੈ ਪਰ ਪੰਜਾਬ ਸਰਕਾਰ ਨੇ ਹੁਣ ਟਰੈਵਲ ਏਜੰਟ ਅਤੇ ਇਮੀਗ੍ਰੇਸ਼ਨ ਏਜੰਸੀ ਤੋਂ ਜਾਂਚ ਕਰਵਾਉਣ ਬਾਰੇ ਸੋਚ ਲਿਆ ਹੈ। ਪੰਜਾਬ ਵਿੱਚ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 10 ਜੁਲਾਈ ਤੱਕ ਸਾਰੇ ਟਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਏਜੰਸੀਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੰਤਰੀ ਕੁਲਦੀਪ ਧਾਲੀਵਾਲ ਨੇ ਮੰਨਿਆ ਹੈ ਕਿ ਵੱਡੀ ਗਿਣਤੀ ਵਿੱਚ ਪੰਜਾਬੀ ਠੱਗ ਟਰੈਵਲ ਏਜੰਟਾਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ। ਕਈ ਲੋਕ ਵਿਦੇਸ਼ਾਂ ਵਿਚ ਪ੍ਰੇਸ਼ਾਨ ਹਨ ਅਤੇ ਕਈਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਹਦਾਇਤ ਕੀਤੀ ਕਿ ਉਹ ਟਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਏਜੰਸੀਆਂ ਦੇ ਕਾਗਜ਼ਾਤ ਚੈੱਕ ਕਰਕੇ 10 ਜੁਲਾਈ ਤੱਕ ਰਿਪੋਰਟ ਪੇਸ਼ ਕਰਨ। ਮੰਤਰੀ ਧਾਲੀਵਾਲ ਨੇ ਪੰਜਾਬ ਵਿੱਚ ਕਈ ਟਰੈਵਲ ਏਜੰਟਾਂ ਵੱਲੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਅਮਲ ‘ਤੇ ਚਿੰਤਾ ਪ੍ਰਗਟਾਈ।
ਮੰਤਰੀ ਧਾਲੀਵਾਲ ਨੇ ਦੱਸਿਆ ਕਿ ਸੀ.ਐਮ.ਭਗਵੰਤ ਮਾਨ ਨੇ ਸਿਸਟਮ ਨੂੰ ਸੁਧਾਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਾਰਦਰਸ਼ੀ ਪ੍ਰਣਾਲੀ ਨਾਲ ਧੋਖਾਧੜੀ ਅਤੇ ਜਾਅਲਸਾਜ਼ੀ ਦੀ ਗੁੰਜਾਇਸ਼ ਨਾਂਹ ਦੇ ਬਰਾਬਰ ਰਹੇਗੀ। ਉਨ੍ਹਾਂ ਪੰਜਾਬ ਵਿੱਚ ਠੱਗਾਂ ਅਤੇ ਫਰਜ਼ੀ ਟਰੈਵਲ ਏਜੰਟਾਂ/ਇਮੀਗ੍ਰੇਸ਼ਨ ਏਜੰਸੀਆਂ ਵਿਰੁੱਧ ਜਲਦੀ ਹੀ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦੀ ਗੱਲ ਕਹੀ।
ਮੰਤਰੀ ਧਾਲੀਵਾਲ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਜੇ ਕਿਸੇ ਪਰਵਾਸੀ ਪੰਜਾਬੀ ਨੂੰ ਜਾਣਬੁੱਝ ਕੇ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਹੈ ਜਾਂ ਝੂਠੇ ਕੇਸ ਦਰਜ ਕੀਤੇ ਗਏ ਹਨ ਤਾਂ ਅਜਿਹੇ ਮਾਮਲੇ ਵੀ ਉਨ੍ਹਾਂ ਦੇ ਧਿਆਨ ਵਿੱਚ ਲਿਆਉਣੇ ਚਾਹੀਦੇ ਹਨ। ਉਨ੍ਹਾਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕੀਤੀ।
ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਇਸ ਵਾਰ ਪਿੰਡਾਂ ਵਿੱਚ ਐਨਆਰਆਈ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 15 ਜੁਲਾਈ ਤੋਂ 30 ਅਗਸਤ ਤੱਕ ਜ਼ਿਲ੍ਹਾ ਪੱਧਰ ’ਤੇ ਹੋਣ ਵਾਲੀ ਐਨ.ਆਰ.ਆਈ ਮੀਟਿੰਗ ਪ੍ਰਵਾਸੀ ਪੰਜਾਬੀਆਂ ਨੂੰ ਆਪਣੀਆਂ ਸਮੱਸਿਆਵਾਂ ਲੈ ਕੇ ਆਉਣ ਦਾ ਖੁੱਲ੍ਹਾ ਸੱਦਾ ਹੈ। ਹਰ ਪ੍ਰਵਾਸੀ ਦੀ ਸਮੱਸਿਆ ਨੂੰ ਮੌਕੇ ‘ਤੇ ਹੀ ਹੱਲ ਕਰਨ ਦੇ ਯਤਨ ਕੀਤੇ ਜਾਣਗੇ।
ਉਨ੍ਹਾਂ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 30 ਜੂਨ ਤੱਕ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਹਰ ਕੀਮਤ ‘ਤੇ ਨਿਪਟਾਰਾ ਕੀਤਾ ਜਾਵੇ। ਐਨਆਰਆਈ ਮਿਲਨੀ ਵਿੱਚ ਹੁਣ ਤੱਕ ਮਿਲੀਆਂ ਕੁੱਲ 609 ਸ਼ਿਕਾਇਤਾਂ ਵਿੱਚੋਂ 522 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦੋਂ ਕਿ 87 ਕੇਸ ਪੈਂਡਿੰਗ ਹਨ।
ਇਹ ਵੀ ਪੜ੍ਹੋ : ਗੁਰੂਘਰ ‘ਚ ਫਿਲਮਾਏ ਗਦਰ-2 ਦੇ ਸੀਨ ਨੂੰ ਲੈ ਕੇ ਵਿਵਾਦ, ਸੰਨੀ ਦਿਓਲ ਤੇ ਨਿਰਦੇਸ਼ਕ ‘ਤੇ ਕਾਰਵਾਈ ਦੀ ਮੰਗ
ਮੰਤਰੀ ਧਾਲੀਵਾਲ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਦੇ ਹੱਲ ਲਈ 30 ਸਤੰਬਰ ਤੱਕ ਨਵੀਂ ਐਨ.ਆਰ.ਆਈ ਨੀਤੀ ਲਿਆਉਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਸੀ.ਐਮ.ਭਗਵੰਤ ਮਾਨ ਜਲਦ ਹੀ ਐਨ.ਆਰ.ਆਈ ਵਿਭਾਗ ਦੀ ਨਵੀਂ ਵੈੱਬਸਾਈਟ ਨੂੰ ਹੋਰ ਸਹੂਲਤਾਂ ਨਾਲ ਲਾਂਚ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: