ਮੱਧ ਪ੍ਰਦੇਸ਼ ਕਾਡਰ ਦੀ ਆਈਪੀਐਸ ਅਧਿਕਾਰੀ ਸੋਨਾਲੀ ਮਿਸ਼ਰਾ ਸੀਮਾ ਸੁਰੱਖਿਆ ਬਲ ਦੇ ਪੰਜਾਬ ਫਰੰਟੀਅਰ ਦੀ ਅਗਵਾਈ ਕਰ ਰਹੀ ਹੈ। ਇਸ ਨਾਲ ਉਹ ਇਹ ਜ਼ਿੰਮੇਵਾਰੀ ਸੰਭਾਲਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਆਈਜੀ ਬਣ ਗਈ ਹੈ।
ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਲੰਬੀ ਅਟਾਰੀ ਸਰਹੱਦ ਦੀ ਸੁਰੱਖਿਆ ਉਨ੍ਹਾਂ ਦੀ ਨਿਗਰਾਨੀ ਹੇਠ ਹੋਵੇਗੀ। ਆਈਪੀਐਸ ਸੋਨਾਲੀ ਮਿਸ਼ਰਾ ਨੂੰ ਇਹ ਅਹੁਦਾ ਸਾਬਕਾ ਆਈਜੀ ਮਹੀਪਾਲ ਸਿੰਘ ਯਾਦਵ ਦੇ ਜਾਣ ਤੋਂ ਬਾਅਦ ਮਿਲਿਆ ਹੈ।
ਭੋਪਾਲ ਵਿੱਚ ਪੈਦਾ ਹੋਈ ਸੋਨਾਲੀ ਮਿਸ਼ਰਾ 1993 ਬੈਚ ਦੀ ਆਈਪੀਐਸ ਅਧਿਕਾਰੀ ਹੈ। ਉਨ੍ਹਾਂ ਨੇ ਰਾਇਸੇਨ ਵਿੱਚ ਐਸਪੀ, ਜਬਲਪੁਰ ਵਿੱਚ ਡੀਆਈਜੀ ਅਤੇ ਪੁਲਿਸ ਹੈੱਡਕੁਆਰਟਰ ਵਿੱਚ ਆਈਜੀ ਇੰਟੈਲੀਜੈਂਸ ਦਾ ਅਹੁਦਾ ਸੰਭਾਲਿਆ ਹੈ। ਉਦੋਂ ਤੋਂ ਉਹ ਡੈਪੂਟੇਸ਼ਨ ‘ਤੇ ਬੀਐਸਐਫ ਵਿੱਚ ਸੇਵਾ ਨਿਭਾ ਰਹੀ ਹੈ।
ਸੋਨਾਲੀ ਮਿਸ਼ਰਾ ਹੁਣ ਤਕ ਦਿੱਲੀ ਦੇ ਬੀਐਸਐਫ ਹੈੱਡਕੁਆਰਟਰ ਵਿੱਚ ਖੁਫੀਆ ਸ਼ਾਖਾ ਦੀ ਮੁਖੀ ਸੀ। ਉਨ੍ਹਾਂ ਨੇ ਬੀਐਸਐਫ ਵਿੱਚ ਰਹਿੰਦਿਆਂ ਕਸ਼ਮੀਰ ਘਾਟੀ ਵਿੱਚ ਆਈਜੀ ਵਜੋਂ ਸੇਵਾ ਨਿਭਾਈ ਹੈ। ਮੰਨਿਆ ਜਾ ਰਿਹਾ ਹੈ ਕਿ ਸੋਨਾਲੀ ਦਾ ਇਹ ਤਜਰਬਾ ਪੰਜਾਬ ਵਿੱਚ ਸਰਹੱਦ ਪਾਰ ਤਸਕਰੀ ਅਤੇ ਘੁਸਪੈਠ ਨੂੰ ਰੋਕਣ ਵਿੱਚ ਮਦਦ ਕਰੇਗਾ।
ਇਹ ਵੀ ਪੜ੍ਹੋ : ਅਟਾਰੀ-ਵਾਹਗਾ ਸਰਹੱਦ ‘ਤੇ ਇੱਕ 15 ਅਗਸਤ ਤੋਂ ਪਹਿਲਾਂ ਹੀ ਲਹਿਰਾਉਣਗੇ ਕੌਮੀ ਝੰਡੇ, ਤਿਆਰੀਆਂ ਸ਼ੁਰੂ
ਸੋਨਾਲੀ ਮਿਸ਼ਰਾ ਲਈ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਤਸਕਰੀ ਇੱਕ ਵੱਡੀ ਚੁਣੌਤੀ ਹੋਵੇਗੀ। ਪੰਜਾਬ ਦੀ ਸਰਹੱਦ ਹਮੇਸ਼ਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਸੌਖਾ ਰਸਤਾ ਰਹੀ ਹੈ। ਇਸ ਤੋਂ ਇਲਾਵਾ ਸਰਹੱਦ ‘ਤੇ ਅਸਮਾਨ ‘ਚ ਮੰਡਰਾਉਂਦੇ ਹੋਏ ਡਰੋਨ ਵੀ ਮੁਸ਼ਕਲਾਂ ਵਧਾ ਰਹੇ ਹਨ। ਬੀਐਸਐਫ ਦੀਆਂ ਚੁਣੌਤੀਆਂ ਪਿਛਲੇ ਸਾਲ ਡਰੋਨ ਹਥਿਆਰਾਂ ਦੀ ਤਸਕਰੀ ਦੇ ਬਾਅਦ ਵਧੀਆਂ ਹਨ।